ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਨੂੰ 350 ਫੀਸਦ ਟੈਰਿਫ ਲਾਉਣ ਦੀ ਧਮਕੀ ਦੇ ਕੇ ਉਨ੍ਹਾਂ ਵਿਚਾਲੇ ਜਾਰੀ ਹਮਲੇ ਰੁਕਵਾਏ ਸਨ ਅਤੇ ਇਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਕਿਹਾ ਸੀ, ‘‘ਅਸੀਂ ਜੰਗ ਨਹੀਂ ਕਰਾਂਗੇ।’’ ਸ੍ਰੀ ਟਰੰਪ 60 ਤੋਂ ਵੱਧ ਵਾਰ ਦਾਅਵਾ ਦੁਹਰਾ ਚੁੱਕੇ ਹਨ ਕਿ ਉਨ੍ਹਾਂ ਇਸ ਸਾਲ ਮਈ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ‘ਸ਼ਾਂਤ ਕਰਨ ’ਚ ਮਦਦ ਕੀਤੀ’ ਸੀ। ਭਾਰਤ ਕਿਸੇ ਵੀ ਤੀਜੀ ਧਿਰ ਦੇ ਦਖਲ ਦਾ ਦਾਅਵਾ ਲਗਾਤਾਰ ਨਕਾਰਦਾ ਰਿਹਾ ਹੈ।
ਉਨ੍ਹਾਂ ਬੀਤੇ ਦਿਨ ਕਿਹਾ, ‘‘ਮੈਂ ਝਗੜੇ ਸੁਲਝਾਉਣ ’ਚ ਮਾਹਿਰ ਹਾਂ ਅਤੇ ਹਮੇਸ਼ਾ ਤੋਂ ਅਜਿਹਾ ਰਿਹਾ ਹਾਂ। ਮੈਂ ਪਿਛਲੇ ਕੁਝ ਸਾਲਾਂ ’ਚ, ਇੱਥੋਂ ਤੱਕ ਕਿ ਇਸ ਤੋਂ ਪਹਿਲਾਂ ਵੀ ਇਸ ਪਾਸੇ ਬਹੁਤ ਚੰਗਾ ਕੰਮ ਕੀਤਾ ਹੈ। ਮੈਂ ਵੱਖ-ਵੱਖ ਲੜਾਈਆਂ ਬਾਰੇ ਗੱਲ ਕਰ ਰਿਹਾ ਹਾਂ। ਭਾਰਤ, ਪਾਕਿਸਤਾਨ... ਉਹ ਪਰਮਾਣੂ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਸਨ।’’ ਸ੍ਰੀ ਟਰੰਪ ਨੇ ‘ਅਮਰੀਕਾ-ਸਾਊਦੀ ਨਿਵੇਸ਼ ਮੰਚ’ ਤੋਂ ਦਾਅਵਾ ਕੀਤਾ ਕਿ ਉਨ੍ਹਾਂ ਪਰਮਾਣੂ ਹਥਿਆਰ ਰੱਖਣ ਵਾਲੇ ਦੋਵਾਂ ਗੁਆਂਢੀ ਮੁਲਕਾਂ ਨੂੰ ਕਿਹਾ ਸੀ ਕਿ ਉਹ ‘‘ਜੰਗ ਜਾਰੀ ਰੱਖ ਸਕਦੇ ਹਨ ਪਰ ਮੈਂ ਦੋਵਾਂ ਦੇਸ਼ਾਂ ’ਤੇ 350 ਫੀਸਦ ਟੈਕਸ ਲਗਾ ਰਿਹਾ ਹਾਂ। ਉਹ ਹੁਣ ਅਮਰੀਕਾ ਨਾਲ ਵਪਾਰ ਨਹੀਂ ਕਰ ਸਕਣਗੇ।’’ ਇਸ ਮੌਕੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਵੀ ਸ਼ਾਮਲ ਹੋਏ। ਸ੍ਰੀ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੋਵਾਂ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਕਿਹਾ ਸੀ।

