ਨਿਊ ਯਾਰਕ ’ਚ ਬਰੁਕਲਿਨ ਪੁਲ ਨਾਲ ਟਕਰਾਇਆ ਮੈਕਸੀਕਨ ਜਲਸੈਨਾ ਦਾ ਜਹਾਜ਼
ਨਿਊ ਯਾਰਕ, 18 ਮਈ
ਅਮਰੀਕਾ ਦੇ ਨਿਊ ਯਾਰਕ ਸ਼ਹਿਰ ਵਿਚ ਪ੍ਰਚਾਰ ਯਾਤਰਾ ’ਤੇ ਆਏ ਮੈਕਸਿਕੋ ਦੀ ਜਲਸੈਨਾ ਦਾ ਜਹਾਜ਼ ਇਤਿਹਾਸਕ ਬਰੁਕਲਿਨ ਪੁਲ ਨਾਲ ਟਕਰਾ ਗਿਆ। ਹਾਦਸੇ ਵਿਚ 19 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ। ਨਿਊ ਯਾਰਕ ਦੇ ਮੇਅਰ ਨੇ ਇਹ ਜਾਣਕਾਰੀ ਦਿੱਤੀ। ਜਹਾਜ਼ ਦੇ ‘ਈਸਟ ਰਿਵਰ’ ਤੋਂ ਲੰਘਣ ਮੌਕੇ ਇਸ ਦੇ ਉਪਰਲੇ ਤਿੰਨ ‘ਮਾਸਟ’ (ਖੰਭੇ) ਪੁਲ ਨਾਲ ਟਕਰਾਉਣ ਕਰਕੇ ਅੰਸ਼ਕ ਤੌਰ ’ਤੇ ਢਹਿ ਗਏ। ਨਿਊ ਯਾਰਕ ਦੇ ਫਾਇਰ ਬ੍ਰਿਗੇਡ ਦਸਤੇ ਨੇ ਇਸ ਹਾਦਸੇ ਵਿਚ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।
ਨਿਊ ਯਾਰਕ ਦੇ ਮੇਅਰ ਐਰਿਕ ਐਡਮਜ਼ ਨੇ ਦੱਸਿਆ ਕਿ ਇਸ ਹਾਦਸੇ ਵਿਚ 19 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ 142 ਸਾਲ ਪੁਰਾਣੇ ਪੁਲ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਤੇ ਟੱਕਰ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਂਝ ਕੁਝ ਪ੍ਰਤੱਖਦਰਸ਼ੀਆਂ ਵੱਲੋਂ ਬਣਾਏ ਗਏ ਵੀਡੀਓ ਵਿਚ ਪੁਲ ਦੇ ਡੈੱਕ ਨਾਲ ਟਕਰਾਉਣ ’ਤੇ ਜਹਾਜ਼ ਦੇ ‘ਮਾਸਟ’ ਟੁੱਟਦੇ ਤੇ ਅੰਸ਼ਕ ਤੌਰ ’ਤੇ ਢਹਿੰਦੇ ਦੇਖੇ ਜਾ ਸਕਦੇ ਹਨ। ਵੀਡੀਓ ਵਿਚ ਟੱਕਰ ਮੌਕੇ ਪੁਲ ’ਤੇ ਭਾਰੀ ਆਵਾਜਾਈ ਦੇਖੀ ਜਾ ਸਕਦੀ ਹੈ।
ਬਰੁਕਲਿਨ ਪੁਲ ਦਾ ਉਦਘਾਟਨ ਸਾਲ 1883 ਵਿਚ ਕੀਤਾ ਗਿਆ ਸੀ। ਇਸ ਦਾ ਮੁੱਖ ਹਿੱਸਾ ਕਰੀਬ 1,600 ਫੁੱਟ (490 ਮੀਟਰ) ਲੰਮਾ ਹੈ। ਸ਼ਹਿਰ ਦੇ ਆਵਾਜਾਈ ਵਿਭਾਗ ਮੁਤਾਬਕ ਰੋਜ਼ਾਨਾ 1,00,000 ਤੋਂ ਵੱਧ ਵਾਹਨ ਤੇ ਅਨੁਮਾਨਤ 32,000 ਪੈਦਲ ਯਾਤਰੀ ਇਸ ਪੁਲ ਤੋਂ ਲੰਘਦੇ ਹਨ। ਮੈਕਸੀਕਨ ਜਲਸੈਨਾ ਮੁਤਾਬਕ ਕਰੀਬ 297 ਫੁਟ ਲੰਮਾ ਤੇ 40 ਫੁੱਟ ਚੌੜਾ ਕੁਆਓਟੇਮੋਕ ਜਹਾਜ਼ ਪਹਿਲੀ ਵਾਰ 1982 ਵਿਚ ਪਾਣੀ ਵਿਚ ਉਤਰਿਆ ਸੀ। -ਏਪੀ