‘Operation Honeymoon’ ਦੀ ਜਾਂਚ ਵਜੋਂ ਸੋਨਮ ਨੂੰ ਇੰਦੌਰ ਲੈ ਕੇ ਆ ਸਕਦੀ ਹੈ ਮੇਘਾਲਿਆ ਪੁਲੀਸ
ਇੰਦੌਰ, 11 ਜੂਨ
ਮੇਘਾਲਿਆ ਪੁਲੀਸ ਸੋਨਮ ਰਘੂਵੰਸ਼ੀ, ਜੋ ਆਪਣੇ ਪਤੀ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਵਿਚ ਮੁੱਖ ਮੁਲਜ਼ਮ ਹੈ, ਨੂੰ ਅਗਲੇ ਦਿਨਾਂ ਵਿਚ ਉਸ ਦੇ ਪਿੱਤਰੀ ਸ਼ਹਿਰ ਇੰਦੌਰ ਲੈ ਕੇ ਆ ਸਕਦੀ ਹੈ। ਪੁਲੀਸ ਮੁਤਾਬਕ ਰਾਜਾ ਰਘੂਵੰਸ਼ੀ ਦੇ ਕਤਲ ਦੀ ਸਾਜ਼ਿਸ਼ ਮੱਧ ਪ੍ਰਦੇਸ਼ ਦੇ ਇਸੇ ਸ਼ਹਿਰ ਵਿਚ ਘੜੀ ਗਈ ਸੀ। ਮੇਘਾਲਿਆ ਪੁਲੀਸ ਨੇ ਕੇਸ ਦੀ ਜਾਂਚ ਨੂੰ ‘Operation Honeymoon’ ਦਾ ਨਾਮ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਪੁਲੀਸ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸੋਨਮ ਨੂੰ ‘Operation Honeymoon’ ਤਹਿਤ ਮੇਘਾਲਿਆ ਪੁਲੀਸ ਦੀ ਕਸਟੱਡੀ ਵਿਚ ਇੰਦੌਰ ਲਿਆਂਦਾ ਜਾ ਸਕਦਾ ਹੈ।
ਅਧਿਕਾਰੀ ਨੇ ਕਿਹਾ, ‘‘ਸਾਨੂੰ ਜਾਣਕਾਰੀ ਮਿਲੀ ਹੈ ਕਿ ਸੋਨਮ ਆਪਣੇ ਪਤੀ ਦੇ ਕਤਲ ਮਗਰੋਂ ਮੇਘਾਲਿਆ ਤੋਂ ਇੰਦੌਰ ਆਈ ਸੀ ਤੇ 25 ਮਈ ਤੋਂ 27 ਮਈ ਦਰਮਿਆਨ ਸ਼ਹਿਰ ਦੇ ਦੇਵਾਸ ਨਾਕਾ ਇਲਾਕੇ ਵਿਚ ਕਿਰਾਏ ਦੇ ਫਲੈਟ ਵਿਚ ਰਹੀ। ਅਗਲੇ ਕੁਝ ਦਿਨਾਂ ਵਿਚ ਮੇਘਾਲਿਆ ਪੁਲੀਸ ਸੋਨਮ ਨੂੰ ਇੰਦੌਰ ਲੈ ਕੇ ਆ ਸਕਦੀ ਹੈ ਤੇ ਉਸ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਉੱਤੇ ਇਸ ਜਗ੍ਹਾ ਦੀ ਪਛਾਣ ਅਤੇ ਹੋਰ ਸਬੂਤਾਂ ਦੀ ਜਾਂਚ ਕਰੇਗੀ।’’
ਇੰਦੌਰ ਦੇ ਵਧੀਕ ਡੀਸੀਪੀ ਰਾਜੇਸ਼ ਡੰਡੋਤੀਆ ਨੇ ਕਿਹਾ, ‘‘ਜੇਕਰ ਮੇਘਾਲਿਆ ਪੁਲੀਸ ਰਾਜਾ ਰਘੂਵੰਸ਼ੀ ਕਤਲ ਕੇਸ ਮਗਰੋਂ ਸੋਨਮ ਦੇ ਇੰਦੌਰ ਆਉਣ ਅਤੇ ਇੱਕ ਫਲੈਟ ਵਿੱਚ ਰਹਿਣ ਅਤੇ ਰਾਜ ਕੁਸ਼ਵਾਹਾ ਨੂੰ ਮਿਲਣ ਦੀ ਪੁਸ਼ਟੀ ਮੰਗਦੀ ਹੈ, ਤਾਂ ਅਸੀਂ ਇਸ ਵਿੱਚ ਉਨ੍ਹਾਂ ਦੀ ਮਦਦ ਕਰਾਂਗੇ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਰਾਜਾ ਰਘੂਵੰਸ਼ੀ ਕਤਲ ਕੇਸ ਦੇ ਪੰਜ ਮੁਲਜ਼ਮਾਂ ਨੂੰ ‘ਠੋਸ ਸਬੂਤਾਂ’ ਦੇ ਅਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਉਨ੍ਹਾਂ ਦੀ ਇਸ ਕਤਲ ਵਿਚ ‘ਸਿੱਧੀ ਸ਼ਮੂਲੀਅਤ’ ਵਲ ਇਸ਼ਾਰਾ ਕਰਦੇ ਹਨ। -ਪੀਟੀਆਈ