ਤੁਰਕੀ ਦੇ ਕਈ ਸ਼ਹਿਰਾਂ ’ਚ ਅੱਜ ਹਜ਼ਾਰਾਂ ਲੋਕਾਂ ਨੇ ਫਲਸਤੀਨੀਆਂ ਦੇ ਹੱਕ ’ਚ ਮਾਰਚ ਕੀਤੇ। ਇਸਤਾਂਬੁਲ ’ਚ ਸਭ ਤੋਂ ਵੱਡਾ ਪ੍ਰਦਰਸ਼ਨ ਹੋਇਆ ਜਿਥੇ ਲੋਕਾਂ ਨੇ ਹਾਗੀਆ ਸੋਫੀਆ ਤੋਂ ਗੋਲਡਨ ਹੌਰਨ ਦੇ ਕੰਢੇ ਤੱਕ ਮਾਰਚ ਕੀਤਾ। ਇਥੇ ਤੁਰਕੀ ਅਤੇ ਫਲਸਤੀਨੀ ਝੰਡਿਆਂ ਨਾਲ ਸਜੀਆਂ ਦਰਜਨਾਂ ਕਿਸ਼ਤੀਆਂ ਨੇ ਲੋਕਾਂ ਦਾ ਸਵਾਗਤ ਕੀਤਾ। ਲੋਕਾਂ ਨੇ ਨਮਾਜ਼ ਪੜ੍ਹਨ ਮਗਰੋਂ ਫਲਸਤੀਨੀਆਂ ਨਾਲ ਮੁਸਲਮਾਨਾਂ ਦੀ ਇਕਜੁੱਟਤਾ ਪ੍ਰਗਟਾਈ। ਹਮਾਸ ਵੱਲੋਂ 7 ਅਕਤੂਬਰ, 2023 ਨੂੰ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੀ ਦੂਜੀ ਬਰਸੀ ਤੋਂ ਪਹਿਲਾਂ ਯੂਰਪੀ ਸ਼ਹਿਰਾਂ ’ਚ ਵੀ ਪ੍ਰਦਰਸ਼ਨ ਕੀਤੇ ਗਏ। ਲੋਕਾਂ ਨੇ ਇਜ਼ਰਾਇਲੀ ਫ਼ੌਜ ਨੂੰ ਗਾਜ਼ਾ ’ਚ ਨਸਲਕੁਸ਼ੀ ਰੋਕਣ ਲਈ ਕਿਹਾ। ਤੁਰਕੀ ਦੀ ਰਾਜਧਾਨੀ ਅੰਕਾਰਾ ’ਚ ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਝੰਡੇ ਅਤੇ ਗਾਜ਼ਾ ’ਚ ‘ਨਸਲਕੁਸ਼ੀ’ ਦੀ ਨਿਖੇਧੀ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਪੱਛਮੀ ਬੰਦਰਗਾਹ ਸ਼ਹਿਰ ਇਜ਼ਮੀਰ ’ਚ ਲੋਕਾਂ ਨੇ ਗਲੋਬਲ ਸੁਮੁਡ ਫਲੋਟਿਲਾ ਦੇ ਪੱਖ ’ਚ ਪ੍ਰਦਰਸ਼ਨ ਕੀਤਾ ਜਿਸ ਨੂੰ ਇਜ਼ਰਾਇਲੀ ਫ਼ੌਜ ਨੇ ਗਾਜ਼ਾ ’ਚ ਸਹਾਇਤਾ ਲਿਜਾਣ ਤੋਂ ਰੋਕ ਦਿੱਤਾ ਸੀ। ਫਲਸਤੀਨ ਸਪੋਰਟ ਪਲੈਟਫਾਰਮ ਦੇ ਰੇਸਿਪ ਕਰਾਬਲ ਨੇ ਕਿਹਾ ਕਿ 1948 ਤੋਂ ਸ਼ੁਰੂ ਹੋਇਆ ਦਮਨ ਦਾ ਦੌਰ ਬੀਤੇ ਦੋ ਸਾਲਾਂ ’ਚ ਨਸਲਕੁਸ਼ੀ ’ਚ ਬਦਲ ਗਿਆ ਹੈ। ਮੁਸਲਿਮ ਆਬਾਦੀ ਵਾਲੇ ਤੁਰਕੀ ਦੇ ਲੋਕਾਂ ਅਤੇ ਰਾਸ਼ਟਰਪਤੀ ਰੇਸਿਪ ਤੱਈਅਪ ਅਰਦੌਗਾਂ ਨੇ ਫਲਸਤੀਨੀਆਂ ਨੂੰ ਹਮਾਇਤ ਦਿੰਦਿਆਂ ਗਾਜ਼ਾ ’ਚ ਇਜ਼ਰਾਇਲੀ ਫ਼ੌਜੀ ਕਾਰਵਾਈ ਦੀ ਆਲੋਚਨਾ ਕੀਤੀ ਹੈ।
+
Advertisement
Advertisement
Advertisement
Advertisement
×