DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਨਸਾ ਦੇ ਨੌਜਵਾਨ ਦਾ ਕੈਨੇਡਾ ਦੇ ਸਰੀ ’ਚ ਗੋਲੀਆਂ ਮਾਰ ਕੇ ਕਤਲ

ਸੱਤ ਸਾਲ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਕੈਨੇਡਾ
  • fb
  • twitter
  • whatsapp
  • whatsapp
featured-img featured-img
ਨਵਦੀਪ ਸਿੰਘ ਦੀ ਫਾਈਲ ਫੋਟੋ।
Advertisement

ਜੋਗਿੰਦਰ ਸਿੰਘ ਮਾਨ

ਮਾਨਸਾ, 6 ਮਈ

Advertisement

ਕਰੀਬ ਸਾਢੇ ਸੱਤ ਸਾਲ ਪਹਿਲਾਂ ਰੁਜ਼ਗਾਰ ਲਈ ਕੈਨੇਡਾ ਗਏ ਮਾਨਸਾ ਦੇ ਗੱਭਰੂ ਨਵਦੀਪ ਸਿੰਘ (27) ਦਾ ਕੈਨੇਡਾ ਦੇ ਸਰੀ ਵਿੱਚ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਘਟਨਾ 29 ਅਪਰੈਲ ਦੀ ਹੈ, ਪਰ ਮਾਨਸਾ ਬੈਠੇ ਉਸ ਦੇ ਪਰਿਵਾਰ ਨੂੰ ਇਸ ਦਾ ਪਤਾ 2 ਮਈ ਨੂੰ ਲੱਗਿਆ। ਪਰਿਵਾਰ ਮੁਤਾਬਕ ਨੌਜਵਾਨ ਦੀ ਨਾ ਕਿਸੇ ਨਾਲ ਕੋਈ ਰੰਜਿਸ਼ ਸੀ ਤੇ ਨਾ ਕੋਈ ਝਗੜਾ। ਉਸ ਦਾ ਕਤਲ ਕਿਉਂ ਕੀਤਾ ਗਿਆ, ਇਹ ਅਜੇ ਤੱਕ ਬੁਝਾਰਤ ਬਣਿਆ ਹੋਇਆ ਹੈ।

ਨਵਦੀਪ ਸਿੰਘ ਐਂਪਲਾਈਜ਼ ਫੈਡਰੇਸ਼ਨ ਬਿਜਲੀ ਬੋਰਡ (ਪਹਿਲਵਾਨ ਗਰੁੱਪ) ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਮੰਢਾਲੀ ਦਾ ਲੜਕਾ ਸੀ, ਜੋ ਸਰੀ (ਕੈਨੇਡਾ) ਵਿਖੇ ਟਰਾਲਾ ਚਲਾਉਂਦਾ ਸੀ। ਨਵਦੀਪ ਦੇ ਪਿਤਾ ਬਲਦੇਵ ਸਿੰਘ ਮੰਢਾਲੀ ਵਾਸੀ ਮਾਨਸਾ ਦੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ ਸਾਢੇ ਸੱਤ ਸਾਲ ਪਹਿਲਾਂ ਕੈਨੇਡਾ ਗਿਆ ਸੀ। 29 ਅਪਰੈਲ ਨੂੰ ਉਹ ਸਰੀ ਤੋਂ ਟਰਾਂਟੋ ਵੱਲ ਜਾ ਰਿਹਾ ਸੀ ਕਿ ਰਾਹ ਵਿਚ ਕੁਝ ਦੋਸਤਾਂ ਕੋਲ ਰੁਕ ਗਿਆ। ਸਵੇਰੇ ਜਦੋਂ ਉਹ ਸਰੀ ਵਿਚ ਸੈਰ ਕਰ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਵਦੀਪ ਸਿੰਘ ਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਕੈਨੇਡਾ ਵਸਦੇ ਹਨ ਤੇ ਨਵਦੀਪ ਸਿੰਘ ਟਰਾਲਾ ਚਲਾਉਂਦਾ ਸੀ। ਪਰਿਵਾਰ ਮੁਤਾਬਕ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਤੇ ਰੰਜਿਸ਼ ਨਹੀਂ ਸੀ। ਉਸ ਦਾ ਕਤਲ ਕਿਸੇ ਰੰਜਿਸ਼ ਕਾਰਨ ਜਾਂ ਕਿਸੇ ਲੁੱਟ ਦੀ ਨੀਅਤ ਨਾਲ ਕੀਤਾ ਗਿਆ, ਇਹ ਹਾਲੇ ਤੱਕ ਕੁਝ ਵੀ ਨਹੀਂ ਪਤਾ। ਉਨ੍ਹਾਂ ਕੈਨੇਡਾ ਸਰਕਾਰ ਤੋਂ ਇਸ ਦੀ ਜਾਂਚ ਤੇ ਕਾਤਲਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਪੁਲੀਸ ਨੇ ਇਸ ਮਾਮਲੇ ਵਿਚ ਕੁਝ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬਲਦੇਵ ਸਿੰਘ ਮੰਢਾਲੀ ਨੇ ਦੱਸਿਆ ਕਿ ਉਥੋਂ ਦੀ ਪੁਲੀਸ ਨੇ ਵੀ ਉਨ੍ਹਾਂ ਤੋਂ ਕੁਝ ਜਾਣਕਾਰੀ ਲਈ ਹੈ। ਮ੍ਰਿਤਕ ਦੀ ਲਾਸ਼ ਬਾਰੇ ਅਜੇ ਤੱਕ ਉਨ੍ਹਾਂ ਨੂੰ ਕੁਝ ਨਹੀਂ ਪਤਾ। ਉਹ ਕੈਨੇਡਾ ਤੇ ਭਾਰਤ ਸਰਕਾਰ ਤੋਂ ਨਵਦੀਪ ਸਿੰਘ ਦੀ ਦੇਹ ਦੇਸ਼ ਲਿਆਉਣ ਲਈ ਮਦਦ ਦੀ ਮੰਗ ਕਰਨਗੇ ਤਾਂ ਜੋ ਉਸ ਦੀਆਂ ਅੰਤਿਮ ਰਸਮਾਂ ਇੱਥੇ ਹੋ ਸਕਣ। ਇਸ ਦੁੱਖ ਦੀ ਘੜੀ ’ਚ ਮੰਢਾਲੀ ਪਰਿਵਾਰ ਨਾਲ ਸ਼ਹਿਰੀਆਂ, ਸਮਾਜਸੇਵੀਆਂ, ਸਿਆਸਤਦਾਨਾਂ ਨੇ ਦੁੱਖ ਸਾਂਝਾ ਕੀਤਾ ਹੈ।

Advertisement
×