DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Manipur violence ਮਨੀਪੁਰ: ਲਾਸ਼ਾਂ ਮਿਲਣ ਮਗਰੋਂ ਹਿੰਸਾ ਫ਼ੈਲੀ, ਚਾਰ ਜ਼ਿਲ੍ਹਿਆਂ ’ਚ ਕਰਫਿਊ

ਪ੍ਰਦਰਸ਼ਨਕਾਰੀਆਂ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਹਮਲਾ; ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ
  • fb
  • twitter
  • whatsapp
  • whatsapp
featured-img featured-img
ਇੰਫਾਲ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਲਗਾਈਆਂ ਗਈਆਂ ਅੱਗਾਂ ਕੋਲ ਖੜ੍ਹੇ ਲੋਕ। -ਫੋਟੋ: ਪੀਟੀਆਈ
Advertisement

ਇੰਫਾਲ/ਗੁਹਾਟੀ, 16 ਨਵੰਬਰ

ਮਨੀਪੁਰ-ਅਸਾਮ ਸਰਹੱਦ ’ਤੇ ਜਿਰੀ ਨਦੀ ਅਤੇ ਬਰਾਕ ਨਦੀ ਦੇ ਸੰਗਮ ਨੇੜੇ ਤਿੰਨ ਹੋਰ ਲਾਸ਼ਾਂ ਬਰਾਮਦ ਹੋਣ ਮਗਰੋਂ ਇੰਫਾਲ ਘਾਟੀ ਵਿੱਚ ਤਣਾਅ ਵਧ ਗਿਆ ਹੈ। ਗੁੱਸੇ ਵਿੱਚ ਆਏ ਵੱਡੀ ਗਿਣਤੀ ਲੋਕਾਂ ਵੱਲੋਂ ਇੰਫਾਲ ਘਾਟੀ ਦੇ ਵੱਖ-ਵੱਖ ਹਿੱਸਿਆਂ ’ਚ ਕੀਤੇ ਪ੍ਰਦਰਸ਼ਨਾਂ ਅਤੇ ਮੰਤਰੀਆਂ ਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ’ਤੇ ਕੀਤੇ ਹਮਲਿਆਂ ਕਾਰਨ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ ਅਤੇ ਥੌਬਲ ਜ਼ਿਲ੍ਹਿਆਂ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਗਿਆ ਹੈ।

Advertisement

ਮੁੱਖ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਅੱਜ ਸ਼ਾਮ ਤੋਂ ਸੱਤ ਜ਼ਿਲ੍ਹਿਆਂ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਾਕਚਿੰਗ, ਕੰਗਪੋਕਪੀ ਅਤੇ ਚੂਰਾਚੰਦਪੁਰ ਵਿੱਚ ਮੋਬਾਈਲ ਇੰਟਰਨੈਟ ਅਤੇ ਡੇਟਾ ਸੇਵਾਵਾਂ ਵੀ ਦੋ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕਾਂ ’ਤੇ ਵਾਹਨਾਂ ਅਤੇ ਟਾਇਰਾਂ ਨੂੰ ਅੱਗ ਲਗਾ ਕੇ ਰਸਤੇ ਬੰਦ ਕਰ ਦਿੱਤੇ। ਵੱਖ-ਵੱਖ ਥਾਵਾਂ ’ਤੇ ਸੀਏਪੀਐੱਫ, ਹੋਰ ਨੀਮ ਸੈਨਿਕ ਬਲਾਂ ਤੇ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਜਿਰੀਬਾਮ ਵਿੱਚ 10 ਕੂਕੀ ਨੌਜਵਾਨਾਂ ਵੱਲੋਂ ਕੀਤੀ ਗਈ ਹਿੰਸਾ ਮਗਰੋਂ 10 ਵਿਅਕਤੀ ਲਾਪਤਾ ਹੋਏ ਸਨ, ਜਿਨ੍ਹਾਂ ’ਚੋਂ ਛੇ ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ। ਤਿੰਨ ਲਾਸ਼ਾਂ ਸ਼ੁੱਕਰਵਾਰ ਨੂੰ ਅਤੇ ਤਿੰਨ ਸ਼ਨਿਚਰਵਾਰ ਨੂੰ ਬਰਾਮਦ ਹੋਈਆਂ ਹਨ। ਸ਼ੁੱਕਰਵਾਰ ਨੂੰ ਬਰਾਮਦ ਹੋਈਆਂ ਲਾਸ਼ਾਂ ਬਿਰਧ ਔਰਤ, ਉਸ ਦੀਆਂ ਦੋ ਧੀਆਂ ਅਤੇ ਤਿੰਨ ਪੋਤੇ-ਪੋਤੀਆਂ ਦੀਆਂ ਦੱਸੀਆਂ ਜਾ ਰਹੀਆਂ ਹਨ। ਲਾਪਤਾ ਹੋਏ ਸਾਰੇ ਵਿਅਕਤੀ ਮੈਤੇਈ ਭਾਈਚਾਰੇ ਨਾਲ ਸਬੰਧਤ ਸਨ। ਲਾਸ਼ਾਂ ਬਰਾਮਦ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਬੀਤੀ ਰਾਤ ਸੀਨੀਅਰ ਮੰਤਰੀਆਂ ਨਾਲ ਮੀਟਿੰਗ ਵੀ ਕੀਤੀ। ਉਨ੍ਹਾਂ ਸੂਬੇ ਵਿੱਚ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ।

ਅਧਿਕਾਰੀ ਨੇ ਦੱਸਿਆ ਕਿ ਗੁੱਸੇ ’ਚ ਆਈ ਭੀੜ ਨੇ ਕਈ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਅਤੇ ਹੋਰ ਸਰਕਾਰੀ ਅਦਾਰਿਆਂ ’ਤੇ ਹਮਲਾ ਕੀਤਾ। ਇਸ ਬਾਰੇ ਸੂਚਨਾ ਮਿਲਣ ਮਗਰੋਂ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। -ਪੀਟੀਆਈ

ਮੁਕਾਬਲੇ ’ਚ ਮਾਰੇ ਗਏ 10 ਕੁਕੀ-ਜ਼ੋ ਨੌਜਵਾਨਾਂ ਦੀਆਂ ਲਾਸ਼ਾਂ ਚੂਰਾਚਾਂਦਪੁਰ ਭੇਜੀਆਂ

ਗੁਹਾਟੀ: ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ 10 ਕੁਕੀ-ਜ਼ੋ ਨੌਜਵਾਨਾਂ ਦੀਆਂ ਲਾਸ਼ਾਂ ਅੱਜ ਪੋਸਟਮਾਰਟਮ ਤੋਂ ਬਾਅਦ ਹਵਾਈ ਰਸਤੇ ਅਸਾਮ ਦੇ ਸਿਲਚਰ ਤੋਂ ਚੂਰਾਚੰਦਪੁਰ ਭੇਜੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਿਲਚਰ ਮੈਡੀਕਲ ਕਾਲਜ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪਣ ਦੀ ਮੰਗ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਸੁਰੱਖਿਆ ਬਲਾਂ ਨਾਲ ਝੜਪ ਵੀ ਹੋ ਗਈ।

ਅਸਾਮ ਪੁਲੀਸ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਲਾਸ਼ਾਂ ਮਨੀਪੁਰ ਪੁਲੀਸ ਨੂੰ ਸੌਂਪ ਦਿੱਤੀਆਂ ਜਾਣਗੀਆਂ ਅਤੇ ਉਹ ਇਹ ਮਾਮਲਾ ਉਨ੍ਹਾਂ ਕੋਲ ਉਠਾ ਸਕਦੇ ਹਨ। ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਮੁਲਾਜ਼ਮਾਂ ’ਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਚਾਰ ਪੱਤਰਕਾਰ ਅਤੇ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਮਗਰੋਂ ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਲਾਠੀਚਾਰਜ ਕੀਤਾ ਅਤੇ ਸਥਿਤੀ ’ਤੇ ਕਾਬੂ ਪਾਇਆ। -ਪੀਟੀਆਈ

Advertisement
×