Maharashtra Election Results: ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਨੇ ਹੂੰਝਾ ਫੇਰਿਆ
ਮੁੰਬਈ, 23 ਨਵੰਬਰ
Maharashtra Election Results: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਅਗਵਾਈ ਹੇਠਲੇ ਮਹਾਯੁਤੀ ਗੱਠਜੋੜ ਨੇ ਹੂੰਝਾ ਫੇਰ ਦਿੱਤਾ ਹੈ ਤੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇੱਥੇ ਭਾਜਪਾ ਨੇ 149 ਸੀਟਾਂ ’ਤੇ ਚੋਣ ਲੜੀ ਅਤੇ ਉਸ ਨੂੰ 132 ਸੀਟਾਂ ’ਤੇ ਜਿੱਤ ਨਸੀਬ ਹੋਈ ਜਦਕਿ ਇਸ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੂੰ 57 ਤੇ ਐਨਸੀਪੀ ਨੂੰ 41 ਸੀਟਾਂ ’ਤੇ ਜਿੱਤ ਮਿਲੀ ਹੈ। ਹੁਕਮਰਾਨ ਮਹਾਯੁਤੀ ਗੱਠਜੋੜ ’ਚ ਭਾਜਪਾ, ਸ਼ਿਵ ਸੈਨਾ ਅਤੇ ਐੱਨਸੀਪੀ ਸ਼ਾਮਲ ਹਨ। ਇਸ ਗਠਜੋੜ ਨੂੰ 288 ਮੈਂਬਰੀ ਵਿਧਾਨ ਸਭਾ ’ਚ 228 ਸੀਟਾਂ ਮਿਲੀਆਂ ਹਨ। ਦੂਜੇ ਪਾਸੇ ਕਾਂਗਰਸ, ਸ਼ਿਵ ਸੈਨਾ (ਯੂਬੀਟੀ) ਅਤੇ ਐੱਨਸੀਪੀ (ਐੱਸਪੀ) ’ਤੇ ਆਧਾਰਿਤ ਮਹਾ ਵਿਕਾਸ ਅਘਾੜੀ (ਐੱਮਵੀਏ) ਸਿਰਫ਼ 47 ਸੀਟਾਂ ’ਤੇ ਸਿਮਟ ਗਿਆ ਹੈ।
ਮਹਾਰਾਸ਼ਟਰ ਦੇ ਚੋਣ ਨਤੀਜਿਆਂ ਦਾ ਮੁਲਾਂਕਣ ਕਰੇਗੀ ਕਾਂਗਰਸ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣ ਨਤੀਜਿਆਂ ਨੂੰ ਆਸ ਤੋਂ ਪਰ੍ਹੇ ਦੱਸਿਆ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਦੇ ਚੋਣ ਨਤੀਜਿਆਂ ਦਾ ਵਿਸਥਾਰ ਨਾਲ ਮੁਲਾਂਕਣ ਕਰੇਗੀ। ਐਕਸ ’ਤੇ ਹਿੰਦੀ ਵਿੱਚ ਪੋਸਟ ਪਾ ਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਝਾਰਖੰਡ ਦੇ ਵੋਟਰਾਂ ਦੇ ਨਾਲ-ਨਾਲ ਮਹਾਰਾਸ਼ਟਰ ਦੇ ਵੋਟਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਸੂਬੇ ਦੇ ਵੋਟਰਾਂ ਨੂੰ ਉਨ੍ਹਾਂ ਦੇ ਸਮਰਥਨ ਲਈ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਉਨ੍ਹਾਂ ਦੀ ਸਖਤ ਮਿਹਨਤ ’ਤੇ ਧੰਨਵਾਦ ਕੀਤਾ ਹੈ।
ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ ਹੈ। ਇੱਕ ਚੋਣ ਅਧਿਕਾਰੀ ਨੇ ਦੱਸਿਆ ਕਿ ਰਾਜ ਦੇ ਸਾਰੇ ਗਿਣਤੀ ਕੇਂਦਰਾਂ ਵਿੱਚ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ। ਗਿਣਤੀ ਕੇਂਦਰਾਂ 'ਤੇ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਜਾਂਚ ਅਤੇ ਗਿਣਤੀ ਸ਼ੁਰੂ ਕੀਤੀ, ਈਵੀਐਮ ਵੋਟਾਂ ਦੀ ਗਿਣਤੀ ਸਵੇਰੇ 8.30 ਵਜੇ ਸ਼ੁਰੂ ਹੋਈ। ਇੱਕ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਵਿੱਚ ਗਿਣਤੀ ਦੇ ਘੱਟੋ-ਘੱਟ 20 ਗੇੜ ਹੋਣਗੇ। 20 ਨਵੰਬਰ ਨੂੰ ਹੋਈਆਂ ਚੋਣਾਂ ਵਿੱਚ ਅੰਤਿਮ ਮਤਦਾਨ 66.05 ਪ੍ਰਤੀਸ਼ਤ ਸੀ, ਜੋ ਕਿ 2019 ਵਿੱਚ 61.1 ਪ੍ਰਤੀਸ਼ਤ ਸੀ। 288 ਸੀਟਾਂ ਵਾਲੀ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਬਹੁਮਤ ਦਾ ਅੰਕੜਾ 145 ਹੈ। ਮੌਜੂਦਾ ਰਾਜ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ। ਪੀਟੀਆਈ