Mahakumbh‘ਗਿਰਝਾਂ ਨੂੰ ਲਾਸ਼ਾਂ, ਸੂਰਾਂ ਨੂੰ ਗੰਦ, ਭਗਤਾਂ ਨੂੰ ਰੱਬ ਮਿਲਿਆ...’: ਯੋਗੀ ਆਦਿੱਤਿਅਨਾਥ
ਲਖਨਊ, 24 ਫਰਵਰੀ
"Vultures got dead bodies, pigs got dirt, devotees got God" ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਨੇ ਪ੍ਰਯਾਗਰਾਜ ਵਿਚ ਜਾਰੀ ਮਹਾਂਕੁੰਭ ਲਈ ਸੂਬਾ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਉੱਤੇ ਤਨਜ਼ ਕਸਦਿਆਂ ਕਿਹਾ ਕਿ ਹਿੰਦੂਆਂ ਦੇ ਇਸ ਸਭ ਤੋਂ ਵੱਡੇ ਧਾਰਮਿਕ ਇਕੱਠ ਵਿਚ ਜਿਸ ਨੇ ਜੋ ਲੱਭਿਆ ਉਸ ਨੂੰ ਉਹ ਮਿਲਿਆ ਹੈ।
ਯੋਗੀ ਨੇ ਸਮਾਜਵਾਦੀ ਪਾਰਟੀ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਗਿਰਝਾਂ ਨੂੰ ਸਿਰਫ਼ ਲਾਸ਼ਾਂ ਮਿਲੀਆਂ। ਸੂਰਾਂ ਨੂੰ ਗੰਦਗੀ। ਸੰਵੇਦਨਸ਼ੀਲ ਲੋਕਾਂ ਨੂੰ ਰਿਸ਼ਤਿਆਂ ਦੀ ਖ਼ੂਬਸੂਰਤ ਤਸਵੀਰ ਮਿਲੀ। ਰੱਬ ਵਿਚ ਯਕੀਨ ਰੱਖਣ ਵਾਲਿਆਂ ਨੂੰ ਮੋਕਸ਼ ਮਿਲਿਆ। ਸੱਜਣ ਪੁਰਸ਼ਾਂ ਨੂੰ ਸੱਜਣਤਾਈ ਮਿਲੀ, ਗਰੀਬਾਂ ਨੂੰ ਰੁਜ਼ਗਾਰ ਮਿਲਿਆ ਤੇ ਅਮੀਰਾਂ ਨੂੰ ਕਾਰੋਬਾਰ ਮਿਲਿਆ। ਸ਼ਰਧਾਲੂਆਂ ਨੂੰ ਸਾਫ਼ ਸੁਥਰੇ ਪ੍ਰਬੰਧ ਮਿਲੇ...ਸ਼ਰਧਾਲੂਆਂ ਨੂੰ ਰੱਬ ਮਿਲਿਆ। ਇਸ ਦਾ ਮਤਲਬ ਹੈ ਕਿ ਹਰੇਕ ਨੇ ਆਪਣੇ ਸੁਭਾਅ ਤੇ ਕਿਰਦਾਰ ਮੁਤਾਬਕ ਚੀਜ਼ਾਂ ਨੂੰ ਦੇਖਿਆ ਤੇ ਮਹਿਸੂਸ ਕੀਤਾ।’’
ਮੁੱਖ ਮੰਤਰੀ ਨੇ ਕਿਹਾ ਕਿ ਯੂਪੀ ਵਿਚ ਸਮਾਜਵਾਦੀ ਦੇ ਰਾਜ ਦੌਰਾਨ ਮੁੱਖ ਮੰਤਰੀ ਕੋਲ ਕੁੰਭ ਪ੍ਰਬੰਧਾਂ ’ਤੇ ਨਜ਼ਰਸਾਨੀ ਤੱਕ ਦਾ ਸਮਾਂ ਨਹੀਂ ਸੀ ਤੇ ਇਕ ‘ਗੈਰ-ਸਨਾਤਨੀ’ ਨੂੰ ਇਸ ਦਾ ਇੰਚਾਰਜ ਬਣਾਇਆ ਗਿਆ ਸੀ। ਯੋਗੀ 2013 ਦੇ ਕੁੰਭ ਪ੍ਰਬੰਧਾਂ ਦਾ ਹਵਾਲਾ ਦੇ ਰਹੇ ਸਨ ਜਦੋਂ ਅਖਿਲੇਸ਼ ਯਾਦਵ ਮੁੱਖ ਮੰਤਰੀ ਸਨ ਤੇ ਮੁਹੰਮਦ ਆਜ਼ਮ ਖ਼ਾਨ ਨੂੰ ਪ੍ਰਯਾਗਰਾਜ ਵਿਚ ਹੋਏ ਧਾਰਮਿਕ ਇਕੱਠ ਦਾ ਇੰਚਾਰਜ ਬਣਾਇਆ ਗਿਆ ਸੀ। -ਪੀਟੀਆਈ