ਲੁਧਿਆਣਾ: ਹੜ੍ਹਾਂ ਦੇ ਬਾਵਜੂਦ ‘ਛਪਾਰ ਦੇ ਮੇਲੇ’ ਵਿੱਚ ਸ਼ਰਧਾਲੂਆਂ ਦਾ ਸੈਲਾਬ
ਛਪਾਰ ਦੇ ਮੇਲੇ ਦੇ ਪਹਿਲੇ ਦਿਨ ਲੋਕਾਂ ਦੀ ਸ਼ਰਧਾ ਕੁਝ ਇਸ ਤਰ੍ਹਾਂ ਨਜ਼ਰ ਆਈ ਕਿ ਹੜ੍ਹਾਂ ਦੇ ਬਾਵਜੂਦ ਸ਼ਰਧਾਲੂ ਇੱਥੇ ਗੁੱਗਾ ਮਾੜੀ ਮੰਦਰ ਵਿੱਚ ‘ਨਾਗ ਦੇਵਤਾ’ ਦੀ ਪੂਜਾ ਕਰਨ ਪਹੁੰਚ ਰਹੇ ਹਨ।
ਪੰਜਾਬ ਸਰਕਾਰ ਨੇ ਭਾਵੇਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਹੈ, ਪਰ ਸ਼ਰਧਾਲੂਆਂ ਨੇ ਸਵੇਰੇ ਹੀ ਇਸ ਅਸਥਾਨ ’ਤੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਪੁਲੀਸ ਅਜੇ ਵੀ ਸੁਰੱਖਿਆ ਪ੍ਰਬੰਧਾਂ ਦੀ ਯੋਜਨਾ ਬਣਾਉਣ ਵਿੱਚ ਰੁੱਝੀ ਹੋਈ ਸੀ। ਉਸ ਨੂੰ ਦਿਨ ਵੇਲੇ ਅਚਾਨਕ ਹੋਏ ਵੱਡੇ ਇਕੱਠ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ।
ਦੱਸ ਦਈਏ ਕਿ ਇੱਥੇ ਲੱਗਣ ਵਾਲਾ ਛਪਾਰ ਦਾ ਮੇਲਾ ਉੱਤਰ ਭਾਰਤ ਵਿੱਚ ਲੱਗਣ ਵਾਲੇ ਵੱਡੇ ਮੇਲਿਆਂ ਵਿੱਚੋਂ ਇੱਕ ਹੈ। ਸੂਬੇ ਵਿੱਚ ਹੜ੍ਹ ਦੀ ਤਬਾਹੀ ਦੇ ਬਾਵਜੂਦ ਇਸ ਮੇਲੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੂਰ-ਦੁਰੇਡਿਓਂ ਲੋਕ ਪਹੁੰਚ ਰਹੇ ਹਨ। ਇਸ ਧਾਰਮਿਕ ਸਮਾਗਮ ਵਿੱਚ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਭਾਗੀਦਾਰੀ ਕਾਫ਼ੀ ਜ਼ਿਆਦਾ ਹੈ।
ਸਿਆਸੀ ਆਗੂਆਂ ਨੇ ਪਹਿਲਾਂ ਮੇਲਾ ਛਪਾਰ ਦੌਰਾਨ ਆਪਣੀਆਂ ਸਿਆਸੀ ਕਾਨਫਰੰਸਾਂ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਸੂਬੇ ਵਿੱਚ ਹੜ੍ਹਾਂ ਵਾਲੇ ਹਾਲਾਤ ਕਰਕੇ ਇਹ ਫੈਸਲਾ ਵਾਪਸ ਲੈਣ ਦਾ ਐਲਾਨ ਕੀਤਾ ਹੈ।
CPI (M) ਦੇ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸੰਮੇਲਨਾਂ ਦੀਆਂ ਤਿਆਰੀਆਂ ਜੋ ਪਹਿਲਾਂ ਲੁਧਿਆਣਾ ਜ਼ਿਲ੍ਹਾ ਸਕੱਤਰ ਬਲਜੀਤ ਸ਼ਾਹੀ ਅਤੇ ਮਲੇਰਕੋਟਲਾ ਜ਼ਿਲ੍ਹਾ ਸਕੱਤਰ ਅਬਦੁਲ ਸੱਤਾਰ ਦੀ ਅਗਵਾਈ ਹੇਠ ਸ਼ੁਰੂ ਕੀਤੀਆਂ ਗਈਆਂ ਸਨ, ਹੁਣ ਰੋਕ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲਗਾਤਾਰ ਖਰਾਬ ਹੋ ਰਹੇ ਹਾਲਾਤ ਕਰਕੇ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੇ ਵਰਕਰ ਮੇਲੇ ਦੌਰਾਨ ਸੰਮੇਲਨ ਕਰਨ ਦੀ ਥਾਂ ਹੜ੍ਹ ਪੀੜਤ ਖੇਤਰਾਂ ਵਿੱਚ ਰਾਹਤ ਕੰਮਾਂ ਦੀ ਜ਼ਿੰਮੇਵਾਰੀ ਨਿਭਾਉਣਗੇ। ਉੱਧਰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਵੀ ਆਪਣੀਆਂ ਸਿਆਸੀ ਕਾਨਫਰੰਸਾਂ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।