ਅਦਨ ਦੀ ਖਾੜੀ ਵਿਚ ਐੱਲਪੀਜੀ ਟੈਂਕਰ ਨੂੰ ਅੱਗ ਲੱਗੀ; 23 ਭਾਰਤੀਆਂ ਨੂੰ ਬਚਾਇਆ
ਯਮਨ ਵਿਚ ਅਦਨ ਦੇ ਸਾਹਿਤ ਉੱਤੇ ਕੈਮਰੂਨ ਦੇ ਝੰਡੇ ਵਾਲੇ ਐਲਪੀਜੀ ਟੈਂਕਰ ਐੱਮਵੀ ਫਾਲਕਨ ’ਤੇ ਧਮਾਕੇ ਕਰਕੇ ਅੱਗ ਲੱਗਣ ਤੋਂ ਬਾਅਦ ਕੁੱਲ 23 ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ ਗਿਆ ਹੈ। ਇਹ ਘਟਨਾ ਸ਼ਨਿੱਚਰਵਾਰ, 18 ਅਕਤੂਬਰ ਨੂੰ ਸਵੇਰੇ 07:00 ਵਜੇ UTC (ਸਥਾਨਕ ਸਮੇਂ) ’ਤੇ ਵਾਪਰੀ, ਜਦੋਂ ਜਹਾਜ਼ ਅਦਨ ਤੋਂ ਕਰੀਬ 113 ਸਮੁੰਦਰੀ ਮੀਲ ਦੱਖਣ-ਪੂਰਬ ਵੱਲ ਜਿਬੂਤੀ ਜਾ ਰਿਹਾ ਸੀ। ਧਮਾਕੇ ਤੋਂ ਬਾਅਦ ਜਹਾਜ਼ ਪਾਣੀ ਵਿਚ ਰੁੜ੍ਹ ਗਿਆ ਅਤੇ ਜਹਾਜ਼ ਦੇ ਕਰੀਬ 15 ਫੀਸਦ ਹਿੱਸੇ ਵਿੱਚ ਅੱਗ ਲੱਗ ਗਈ। ਸ਼ੁਰੂਆਤੀ ਰਿਪੋਰਟਾਂ ਦੱਸਦੀਆਂ ਹਨ ਕਿ ਅਚਾਨਕ ਧਮਾਕਾ ਹੋਇਆ, ਪਰ ਇਸ ਦੇ ਸਹੀ ਕਾਰਨਾਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।
ਬ੍ਰਿਟਿਸ਼ ਸੁਰੱਖਿਆ ਫਰਮ ਐਂਬਰੇ ਅਨੁਸਾਰ, ਐਮਵੀ ਫਾਲਕਨ ਓਮਾਨ ਦੇ ਸੋਹਰ ਬੰਦਰਗਾਹ ਤੋਂ ਜਿਬੂਤੀ ਜਾ ਰਿਹਾ ਸੀ ਜਦੋਂ ਇਹ ਧਮਾਕਾ ਹੋਇਆ। ਰੇਡੀਓ ਸੰਚਾਰ ਤੋਂ ਪਤਾ ਲੱਗਿਆ ਕਿ ਚਾਲਕ ਦਲ ਜਹਾਜ਼ ਨੂੰ ਛੱਡਣ ਦੀ ਤਿਆਰੀ ਕਰ ਰਿਹਾ ਸੀ। ਉਂਝ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਇਸ ਘਟਨਾ ਤੋਂ ਬਾਅਦ, ਈਯੂ ਨੇਵਲ ਫੋਰਸ ਆਪ੍ਰੇਸ਼ਨ ਐਸਪਾਈਡਸ ਨੇ ਤੁਰੰਤ ਖੋਜ ਅਤੇ ਬਚਾਅ (ਐਸਏਆਰ) ਕਾਰਜ ਸ਼ੁਰੂ ਕੀਤਾ। ਜਾਣਕਾਰੀ ਅਨੁਸਾਰ 24 ਚਾਲਕ ਦਲ ਦੇ ਮੈਂਬਰ ਸ਼ੁਰੂ ਵਿੱਚ ਜਹਾਜ਼ ਨੂੰ ਛੱਡ ਗਏ ਸਨ, ਅਤੇ ਉਨ੍ਹਾਂ ਵਿੱਚੋਂ 23 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਚਾਲਕ ਦਲ ਦੇ ਦੋ ਮੈਂਬਰ ਲਾਪਤਾ ਹਨ, ਜਦੋਂ ਕਿ ਇੱਕ ਅਜੇ ਵੀ ਆਖਰੀ ਰਿਪੋਰਟ ਦੇ ਸਮੇਂ ਐਮਵੀ ਫਾਲਕਨ ’ਤੇ ਸਵਾਰ ਸੀ। ਟੈਂਕਰ ਪੂਰੀ ਤਰ੍ਹਾਂ ਤਰਲ ਪੈਟਰੋਲੀਅਮ ਗੈਸ ਨਾਲ ਭਰਿਆ ਹੋਇਆ ਸੀ, ਲਿਹਾਜ਼ਾ ਹੋਰ ਧਮਾਕਿਆਂ ਦੇ ਜੋਖਮ ਕਾਰਨ, ਐਸਪਾਈਡਸ ਨੇ ਨੇੜਲੇ ਜਹਾਜ਼ਾਂ ਨੂੰ ਕੈਰੀਅਰ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ ਹੈ। -ਏਐੱਨਆਈ