ਦਿੱਲੀ ’ਚ 27 ਸਾਲ ਬਾਅਦ ਖਿੜਿਆ ਕਮਲ
* ਕਾਂਗਰਸ ਦਾ ਲਗਾਤਾਰ ਤੀਜੀ ਵਾਰ ਖਾਤਾ ਨਾ ਖੁੱਲ੍ਹਿਆ
* ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਕਈ ਦਿੱਗਜ ਹਾਰੇ
* ਮੁੱਖ ਮੰਤਰੀ ਆਤਿਸ਼ੀ ਨੇ ਜਿੱਤੀ ਕਾਲਕਾਜੀ ਵਿਧਾਨ ਸਭਾ ਸੀਟ
ਮਨਧੀਰ ਸਿੰਘ ਦਿਓਲ/ਪੀਟੀਆਈ
ਨਵੀਂ ਦਿੱਲੀ, 8 ਫਰਵਰੀ
ਭਾਰਤੀ ਜਨਤਾ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਆਮ ਆਦਮੀ ਪਾਰਟੀ (ਆਪ) ਨੂੰ ਸੱਤਾ ਤੋਂ ਬਾਹਰ ਕਰਕੇ 27 ਸਾਲ ਬਾਅਦ ਧਮਾਕੇਦਾਰ ਵਾਪਸੀ ਕੀਤੀ ਹੈ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਮੰਤਰੀ ਸੌਰਭ ਭਾਰਦਵਾਜ ਸਮੇਤ ਹਾਕਮ ਧਿਰ ਦੇ ਕਈ ਹੋਰ ਵੱਡੇ ਆਗੂ ਚੋਣ ਹਾਰ ਗਏ ਹਨ। ਹਾਲਾਂਕਿ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਕਾਲਕਾਜੀ ਵਿਧਾਨ ਸਭਾ ਸੀਟ ਤੋਂ ਜਿੱਤ ਗਈ ਹੈ।
ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਜਪਾ ਦਿੱਲੀ ਦੀਆਂ 70 ’ਚੋਂ 48 ਸੀਟਾਂ ਜਿੱਤ ਗਈ ਹੈ ਜਦਕਿ ‘ਆਪ’ ਨੂੰ 22 ਸੀਟਾਂ ਪ੍ਰਾਪਤ ਹੋਈਆਂ ਹਨ। ਲਗਾਤਾਰ 15 ਸਾਲ ਸ਼ੀਲਾ ਦੀਕਸ਼ਿਤ ਦੀ ਅਗਵਾਈ ਹੇਠ ਦਿੱਲੀ ਸਰਕਾਰ ਚਲਾਉਣ ਵਾਲੀ ਕਾਂਗਰਸ ਨੂੰ ਲਗਾਤਾਰ ਤੀਜੀ ਵਾਰ ਕੋਈ ਵੀ ਸੀਟ ਨਹੀਂ ਮਿਲੀ ਪਰ ਕਾਂਗਰਸੀ ਉਮੀਦਵਾਰਾਂ ਨੇ ਪਾਰਟੀ ਦਾ ਵੋਟ ਫ਼ੀਸਦੀ ਵਧਾ ਕੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੂੰ ਖੋਰਾ ਲਾਇਆ ਹੈ। ਹੁਣ ਤੱਕ ਕੇ ਅੰਕੜਿਆਂ ਅਨੁਸਾਰ ਭਾਜਪਾ ਨੂੰ 45.91 ਫੀਸਦ ਜਦਕਿ ‘ਆਪ’ ਨੂੰ 43.56 ਫੀਸਦ ਵੋਟਾਂ ਮਿਲੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ‘ਵੱਡਾ ਲੋਕ ਫਤਵਾ’ ਦੱਸਿਆ ਤੇ ਕਿਹਾ ਕਿ ਰਾਜਧਾਨੀ ਦੇ ਚਹੁੰਪੱਖੀ ਵਿਕਾਸ ਤੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ’ਚ ਕੋਈ ਕਸਰ ਨਹੀਂ ਛੱਡਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿੱਲੀ ਦੀ ਜਨਤਾ ਨੇ ਝੂਠ, ਧੋਖੇ ਤੇ ਭ੍ਰਿਸ਼ਟਾਚਾਰ ਦੇ ‘ਸ਼ੀਸ਼ ਮਹਿਲ’ ਨੂੰ ਤਬਾਹ ਕਰਕੇ ਦਿੱਲੀ ਨੂੰ ‘ਆਪ-ਦਾ’ ਮੁਕਤ ਕਰ ਦਿੱਤਾ ਹੈ।
ਚੋਣ ਕਮਿਸ਼ਨ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ 4,089 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਭਾਜਪਾ ਦੇ ਪਰਵੇਸ਼ ਵਰਮਾ ਨੇ ਹਰਾਇਆ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਜਪਾ ਦੇ ਤਲਵਿੰਦਰ ਸਿੰਘ ਮਰਵਾਹ ਨੇ 675 ਵੋਟਾਂ ਦੇ ਫਰਕ ਨਾਲ ਹਰਾਇਆ। ਸਾਬਕਾ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਨੇ ਇਸ ਜਿੱਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਦੇ ਲੋਕਾਂ ਦੀ ਜਿੱਤ ਕਰਾਰ ਦਿੱਤਾ। ‘ਆਪ’ ਦੇ ਇੱਕ ਹੋਰ ਵੱਡੇ ਆਗੂ ਸੌਰਭ ਭਾਰਦਵਾਜ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਗਰੇਟਰ ਕੈਲਾਸ਼ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ 3,188 ਵੋਟਾਂ ਨਾਲ ਮਾਤ ਦਿੱਤੀ। ਹਾਲਾਂਕਿ ‘ਆਪ’ ਆਗੂ ਗੋਪਾਲ ਰਾਏ, ਮੁਕੇਸ਼ ਅਹਿਲਾਵਤ ਤੇ ਇਮਰਾਨ ਹੁਸੈਨ ਆਪਣੀਆਂ ਸੀਟਾਂ ਬਚਾਉਣ ਵਿੱਚ ਕਾਮਯਾਬ ਰਹੇ। ਹੁਸੈਨ ਨੇ ਬੱਲੀਮਾਰਾਨ ਤੋਂ 29,823, ਰਾਏ ਨੇ ਬਾਬਰਪੁਰ ਤੋਂ 18,994 ਅਤੇ ਅਹਿਲਾਵਤ ਨੇ ਸੁਲਤਾਨਪੁਰ ਮਾਜਰਾ ਤੋਂ 17,126 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਭਾਜਪਾ ਦੇ ਰਮੇਸ਼ ਬਿਧੂੜੀ ਨੂੰ ਹਰਾਇਆ। ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਭਾਜਪਾ ਦੇ ਕਰਨੈਲ ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਸਾਬਕਾ ਮੰਤਰੀ ਸੋਮਨਾਥ ਭਾਰਤੀ ਮਾਲਵੀਆ ਨਗਰ ਸੀਟ ਬਰਕਰਾਰ ਰੱਖਣ ’ਚ ਨਾਕਾਮ ਰਹੇ। ਭਾਜਪਾ ਵੱਲੋਂ ਜਿੱਤਣ ਵਾਲੇ ਉਮੀਦਵਾਰਾਂ ’ਚ ਮੋਹਨ ਸਿੰਘ ਬਿਸ਼ਟ, ਕਪਿਲ ਮਿਸ਼ਰਾ, ਰੇਖਾ ਗੁਪਤਾ, ਮਨਜਿੰਦਰ ਸਿੰਘ ਸਿਰਸਾ, ਤਿਲਕ ਰਾਮ ਗੁਪਤਾ, ਉਮੰਗ ਬਜਾਜ ਤੇ ਚੰਦਨ ਸਿੰਘ ਚੌਧਰੀ ਸ਼ਾਮਲ ਹਨ ਜਦਕਿ ‘ਆਪ’ ਵੱਲੋਂ ਵੀਰੇਂਦਰ ਸਿੰਘ ਕਾਦੀਆਂ, ਕੁਲਦੀਪ ਕੁਮਾਰ, ਸਾਹੀ ਰਾਮ, ਜਰਨੈਲ ਸਿੰਘ ਨੇ ਜਿੱਤ ਦਰਜ ਕੀਤੀ ਹੈ।ਜ਼ਿਕਰਯੋਗ ਹੈ ਕਿ 1993-1998 ’ਚ ਦਿੱਲੀ ਵਿੱਚ ਭਾਜਪਾ ਨੇ ਸਰਕਾਰ ਬਣਾਈ ਸੀ। ਉਸ ਚੋਣ ਵਿੱਚ ਭਾਜਪਾ ਨੇ 49 ਸੀਟਾਂ ਜਿੱਤੀਆਂ ਸਨ। ਇਸ ਤੋਂ ਬਾਅਦ 2020 ਤੱਕ ਹੋਈਆਂ ਸਾਰੀਆਂ ਚੋਣਾਂ ’ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ 2015 ’ਚ ਸਿਰਫ਼ ਤਿੰਨ ਸੀਟਾਂ ’ਤੇ ਸਿਮਟ ਗਈ ਸੀ ਜਦਕਿ 2020 ਦੀਆਂ ਚੋਣਾਂ ’ਚ ਉਸ ਦੀਆਂ ਸੀਟਾਂ ਦੀ ਗਿਣਤੀ ਵੱਧ ਕੇ ਅੱਠ ਹੋ ਗਈ ਸੀ। -ਪੀਟੀਆਈ
ਜਨਤਾ ਦੀ ਸੇਵਾ ਕਰਦਾ ਰਹਾਂਗਾ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਸੱਤਾ ਲਈ ਰਾਜਨੀਤੀ ਵਿੱਚ ਨਹੀਂ ਆਏ, ਸਗੋਂ ਰਾਜਨੀਤੀ ਨੂੰ ਜਨਤਾ ਦੀ ਸੇਵਾ ਦਾ ਸਾਧਨ ਮੰਨਦੇ ਹਨ ਅਤੇ ਸੇਵਾ ਦਾ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਨਾਲ ਹੀ ਭਾਜਪਾ ਨੂੰ ਇਸ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਉਮੀਦ ਕੀਤੀ ਕਿ ਭਾਜਪਾ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਉਤਰੇਗੀ।
ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ‘ਆਪ’ ਨੇ ਸਿੱਖਿਆ, ਸਿਹਤ, ਪਾਣੀ, ਬਿਜਲੀ ਅਤੇ ਹੋਰ ਖੇਤਰਾਂ ਵਿੱਚ ਬਹੁਤ ਸਾਰੇ ਕੰਮ ਕਰਕੇ ਲੋਕਾਂ ਦੀ ਜ਼ਿੰਦਗੀ ਵਿੱਚ ਰਾਹਤ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਿੱਲੀ ਚੋਣਾਂ ਦੇ ਨਤੀਜੇ ਆ ਗਏ ਹਨ। ਜਨਤਾ ਦਾ ਜੋ ਵੀ ਫ਼ੈਸਲਾ ਹੈ, ਉਸ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਜਨਤਾ ਦਾ ਫ਼ੈਸਲਾ ਸਿਰ ’ਤੇ ਹੈ। ਉਨ੍ਹਾਂ ਕਿਹਾ ਕਿ 10 ਸਾਲਾਂ ’ਚ ਜਨਤਾ ਨੇ ਉਨ੍ਹਾਂ ਨੂੰ ਜੋ ਮੌਕਾ ਦਿੱਤਾ, ਉਨ੍ਹਾਂ ’ਚ ਬਹੁਤ ਕੰਮ ਕੀਤੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਵਿਰੋਧੀ ਧਿਰ ਦੀ ਭੂਮਿਕਾ ਹੀ ਨਹੀਂ ਨਿਭਾਵੇਗੀ ਸਗੋਂ ਸਮਾਜ ਸੇਵਾ ਤੇ ਲੋਕਾਂ ਦੇ ਸੁੱਖ-ਦੁੱਖ ਵਿੱਚ ਹਮੇਸ਼ਾ ਸਾਥ ਰਹਾਂਗੀ। ਕਿਉਂਕਿ ਉਹ ਕਿਸੇ ਸੱਤਾ ਲਈ ਰਾਜਨੀਤੀ ਵਿੱਚ ਨਹੀਂ ਆਏ ਸਨ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਰਕਰਾਂ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਚੋਣਾਂ ਲੜੀਆਂ। ਇਸ ਸਾਰੀ ਚੋਣ ਦੌਰਾਨ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਉਨ੍ਹਾਂ ਨੂੰ ਬਹੁਤ ਕੁਝ ਸਹਿਣਾ ਪਿਆ।
ਪੰਜ ਸਿੱਖ ਉਮੀਦਵਾਰ ਜਿੱਤੇ
ਨਵੀਂ ਦਿੱਲੀ (ਪੱਤਰ ਪ੍ਰੇਰਕ):
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ‘ਆਪ’ ਵੱਲੋਂ ਕੁੱਲ ਪੰਜ ਸਿੱਖ ਉਮੀਦਵਾਰ ਜਿੱਤੇ ਹਨ। ਭਾਜਪਾ ਵੱਲੋਂ ਗਾਂਧੀ ਨਗਰ ਤੋਂ ਅਰਵਿੰਦਰ ਸਿੰਘ ਲਵਲੀ, ਰਾਜੌਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਅਤੇ ਜੰਗਪੁਰਾ ਤੋਂ ਤਰਵਿੰਦਰ ਸਿੰਘ ਮਰਵਾਹ ਜਿੱਤੇ ਹਨ ਜਦਕਿ ‘ਆਪ’ ਵੱਲੋਂ ਜਰਨੈਲ ਸਿੰਘ ਨੇ ਤਿਲਕ ਨਗਰ ਤੇ ਪੁਨਰਦੀਪ ਸਿੰਘ ਸਾਹਨੀ ਨੇ ਚਾਂਦਨੀ ਚੌਕ ਤੋਂ ਜਿੱਤ ਦਰਜ ਕੀਤੀ ਹੈ। ਅਰਵਿੰਦਰ ਸਿੰਘ ਲਵਲੀ ਨੇ ‘ਆਪ’ ਦੇ ਨਵੀਨ ਚੌਧਰੀ ਨੂੰ 12,748, ਮਨਜਿੰਦਰ ਸਿੰਘ ਸਿਰਸਾ ਨੇ ‘ਆਪ’ ਦੀ ਧਨਵੰਤੀ ਚੰਦੇਲਾ ਨੂੰ 18,190 ਅਤੇ ਤਰਵਿੰਦਰ ਸਿੰਘ ਮਰਵਾਹ ਨੇ ‘ਆਪ’ ਦੇ ਮਨੀਸ਼ ਸਿਸੋਦੀਆ ਨੂੰ 675 ਵੋਟਾਂ ਨਾਲ ਹਰਾਇਆ। ਚਾਂਦਨੀ ਚੌਕ ਤੋਂ ‘ਆਪ’ ਦੇ ਪੁਨਰਦੀਪ ਸਿੰਘ ਸਾਹਨੀ ਨੇ ਭਾਜਪਾ ਦੇ ਸਤੀਸ਼ ਜੈਨ ਨੂੰ 16,372, ਤਿਲਕ ਨਗਰ ਤੋਂ ਜਰਨੈਲ ਸਿੰਘ ਨੇ ਭਾਜਪਾ ਦੀ ਸ਼ਵੇਤਾ ਨੂੰ 11,656 ਵੋਟਾਂ ਨਾਲ ਹਰਾਇਆ ਹੈ।
ਇਤਿਹਾਸਕ ਜਿੱਤ ਬਾਅਦ ਹੁਣ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ
ਨਵੀਂ ਦਿੱਲੀ (ਉੱਜਵਲ ਜਲਾਲੀ):
ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਦੀ ਹੋਈ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਸਾਰਾ ਧਿਆਨ ਇਸ ਗੱਲ ’ਤੇ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਕੌਣ ਬੈਠੇਗਾ, ਕਿਉਂਕਿ ਪਾਰਟੀ ਵਿੱਚ ਕਈ ਅਜਿਹੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਨ ਜਿਨ੍ਹਾਂ ਦਾ ਨਾਮ ਮੁੱਖ ਮੰਤਰੀ ਦੇ ਅਹੁਦੇ ਲਈ ਵਿਚਾਰਿਆ ਜਾ ਸਕਦਾ ਹੈ। ਇਸ ਵਾਰ ਭਾਜਪਾ ਨੇ ‘ਆਪ’ ਤੋਂ ਸੱਤਾ ਖੋਹ ਲਈ ਅਤੇ ਹੁਣ ਉਸ ਨੂੰ ਪਾਰਟੀ ਦੀ ਅਗਵਾਈ ਕਰਨ ਲਈ ਮੁੱਖ ਮੰਤਰੀ ਦੇ ਅਹੁਦੇ ਲਈ ਇਕ ਢੁਕਵਾਂ ਉਮੀਦਵਾਰ ਲੱਭਣਾ ਹੋਵੇਗਾ। ਪਾਰਟੀ ਵੱਲੋਂ ਹਾਲੇ ਕਿਸੇ ਨਾਮ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਤੋਂ ਬਾਅਦ ਵੱਡੇ ਆਗੂ ਵਜੋਂ ਉੱਭਰੇ ਪਾਰਟੀ ਉਮੀਦਵਾਰ ਪ੍ਰਵੇਸ਼ ਵਰਮਾ ਸਣੇ ਕਈ ਮਸ਼ਹੂਰ ਸ਼ਖ਼ਸੀਅਤਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਵਰਮਾ ਭਾਜਪਾ ਦੇ ਮਰਹੂਮ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ। ਦੂਜੇ ਦਾਅਵੇਦਾਰ ਰੋਹਿਨੀ ਤੋਂ ਵਿਧਾਇਕ ਵਿਜੇਂਦਰ ਗੁਪਤਾ ਹਨ, ਜਿਨ੍ਹਾਂ ਨੇ ਪਹਿਲਾਂ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਨਿਭਾਈ ਸੀ।
ਵੱਡੇ ਨੇਤਾਵਾਂ ਦੇ ਪੱਲੇ ਹਾਰ
ਨਵੀਂ ਦਿੱਲੀ:
ਭਾਜਪਾ ਉਮੀਦਵਾਰ ਪਰਵੇਸ਼ ਵਰਮਾ, ਜੋ ਸਾਬਕਾ ਮੁੱਖ ਮੰਤਰੀ ਮਰਹੂਮ ਸਾਹਿਬ ਸਿੰਘ ਵਰਮਾ ਦੇ ਪੁੱਤਰ ਹਨ, ਨੇ ਨਵੀਂ ਦਿੱਲੀ ਹਲਕੇ ਤੋਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹਰਾਇਆ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਤੋਂ ਹਾਰ ਗਏ। ਸਾਬਕਾ ‘ਆਪ’ ਮੰਤਰੀ ਸੋਮਨਾਥ ਭਾਰਤੀ ਮਾਲਵੀਆ ਨਗਰ ਸੀਟ ਬਰਕਰਾਰ ਰੱਖਣ ’ਚ ਅਸਫ਼ਲ ਰਹੇ। ਭਾਜਪਾ ਦੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਉਪਾਧਿਆਏ 2,131 ਵੋਟਾਂ ਨਾਲ ਜੇਤੂ ਰਹੇ। ਗਰੇਟਰ ਕੈਲਾਸ਼ ਤੋਂ ਭਾਜਪਾ ਦੀ ਸ਼ਿਖਾ ਰਾਏ ਨੇ ‘ਆਪ’ ਦੇ ਸੌਰਭ ਭਾਰਦਵਾਜ ਨੂੰ ਹਰਾਇਆ। ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਭਾਜਪਾ ਦੇ ਕਰਨੈਲ ਸਿੰਘ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੰਗੋਲਪੁਰੀ ਤੋਂ ਭਾਜਪਾ ਦੇ ਕੈਲਾਸ਼ ਗੰਗਵਾਲ ਨੇ ‘ਆਪ’ ਦੀ ਰਾਖੀ ਬਿਰਲਾ ਨੂੰ ਹਰਾਇਆ। ਪਟਪੜਗੰਜ ’ਚ ‘ਆਪ’ ਉਮੀਦਵਾਰ ਅਵਧ ਓਝਾ ਭਾਜਪਾ ਦੇ ਰਵਿੰਦਰ ਸਿੰਘ ਨੇਗੀ ਤੋਂ ਹਾਰ ਗਏ। ਰੋਹਤਾਸ ਨਗਰ ਤੋਂ ਲਗਾਤਾਰ ਤੀਜੀ ਵਾਰ ਚੋਣ ਜਿੱਤਣ ਵਾਲੇ ਜਤਿੰਦਰ ਮਹਾਜਨ ਨੇ ਇਸ ਵਾਰ ‘ਆਪ’ ਉਮੀਦਵਾਰ ਸਰਿਤਾ ਸਿੰਘ ਨੂੰ ਵੱਡੇ ਫਰਕ ਨਾਲ ਹਰਾਇਆ।
ਚੋਣ ਨਤੀਜੇ ਝਟਕੇ ਵਾਂਗ: ਆਤਿਸ਼ੀ
ਨਵੀਂ ਦਿੱਲੀ:
ਦਿੱਲੀ ਦੀ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨੇ ਅੱਜ ਵਿਧਾਨ ਸਭਾ ਚੋਣਾਂ ਦਾ ਲੋਕ ਫਤਵਾ ਸਵੀਕਾਰ ਕਰਦਿਆਂ ਚੋਣ ਨਤੀਜਿਆਂ ਨੂੰ ਇੱਕ ਝਟਕੇ ਦੀ ਤਰ੍ਹਾਂ ਦੱਸਿਆ ਪਰ ਭਾਜਪਾ ਖ਼ਿਲਾਫ਼ ਪਾਰਟੀ ਦਾ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਆਤਿਸ਼ੀ ਨੇ ਪੱਤਰਕਾਰਾਂ ਨੂੰ ਕਿਹਾ, ‘ਸਭ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦੀ ਹਾਂ ਜੋ ਮਜ਼ਬੂਤੀ ਨਾਲ ਡਟੇ ਰਹੇ। ਅਸੀਂ ਲੋਕ ਫਤਵਾ ਸਵੀਕਾਰ ਕਰਦੇ ਹਾਂ। ਭਾਜਪਾ ਦੀ ‘ਤਾਨਾਸ਼ਹੀ’ ਤੇ ‘ਗੁੰਡਾਗਰਦੀ’ ਖ਼ਿਲਾਫ਼ ਜੰਗ ਜਾਰੀ ਰਹੇਗੀ। ਚੋਣ ਨਤੀਜੇ ਇੱਕ ਝਟਕੇ ਦੀ ਤਰ੍ਹਾਂ ਹਨ ਪਰ ਦਿੱਲੀ ਤੇ ਦੇਸ਼ ਦੀ ਜਨਤਾ ਲਈ ਆਮ ਆਦਮੀ ਪਾਰਟੀ ਦੀ ਲੜਾਈ ਜਾਰੀ ਰਹੇਗੀ।’ -ਪੀਟੀਆਈ
ਹੰਕਾਰ ਲੈ ਬੈਠਿਆ ਕੇਜਰੀਵਾਲ ਨੂੰ: ਮਾਲੀਵਾਲ
ਨਵੀਂ ਦਿੱਲੀ:
ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਦਰੋਪਦੀ ਦੇ ‘ਚੀਰਹਰਨ’ ਦੀ ਤਸਵੀਰ ਸੋਸ਼ਲ ਮੀਡਆ ’ਤੇ ਸਾਂਝੀ ਕਰਦਿਆਂ ਕਿਹਾ ਕਿ ਹੰਕਾਰ ਕਾਰਨ ਦਿੱਲੀ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਅਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਹਾਰ ਹੋਈ ਹੈ। ਪਿਛਲੇ ਸਾਲ ‘ਆਪ’ ਤੋਂ ਵੱਖ ਹੋ ਚੁੱਕੀ ਮਾਲੀਵਾਲ ਨੇ ਐਕਸ ’ਤੇ ਕਿਹਾ, ‘ਇੱਥੋਂ ਤੱਕ ਕਿ ਰਾਵਨ ਦਾ ਹੰਕਾਰ ਵੀ ਨਹੀਂ ਬਚਿਆ ਸੀ।’ ਕੇਜਰੀਵਾਲ ਦੇ ਇੱਕ ਨੇੜਲੇ ਸਹਿਯੋਗੀ ਵੱਲੋਂ ਉਨ੍ਹਾਂ ’ਤੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਕੀਤੇ ਗਏ ਹਮਲੇ ਦੇ ਸੰਦਰਭ ਵਿੱਚ ਮਾਲੀਵਾਲ ਨੇ ਦਰੋਪਦੀ ਦੀ ਤਸਵੀਰ ਸਾਂਝੀ ਕੀਤੀ ਹੈ। -ਪੀਟੀਆਈ
ਬੀਆਰਐੱਸ ਆਗੂ ਰਾਮਾ ਰਾਓ ਵੱਲੋਂ ਰਾਹੁਲ ਨੂੰ ਵਧਾਈ
ਹੈਦਰਾਬਾਦ:
ਦਿੱਲੀ ਵਿਧਾਨ ਸਭਾ ਚੋਣਾਂ ’ਚ ਖਰਾਬ ਪ੍ਰਦਰਸ਼ਨ ’ਤੇ ਤਨਜ਼ ਕਸਦਿਆਂ ਭਾਰਤ ਰਾਸ਼ਟਰ ਸਮਿਤੀ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ ਨੇ ਅੱਜ ਭਾਜਪਾ ਦੀ ਕਾਮਯਾਬੀ ਲਈ ਰਾਹੁਲ ਗਾਂਧੀ ਨੂੰ ਵਧਾਈ ਦਿੱਤੀ। ਐਕਸ ’ਤੇ ਇੱਕ ਪੋਸਟ ਵਿੱਚ ਰਾਮਾ ਰਾਓ ਨੇ ਕਿਹਾ, ‘ਇੱਕ ਵਾਰ ਫਿਰ ਭਾਜਪਾ ਲਈ ਚੋਣ ਜਿੱਤਣ ਖਾਤਰ ਰਾਹੁਲ ਗਾਂਧੀ ਨੂੰ ਵਧਾਈ! ਬੇਹੱਦ ਸ਼ਾਨਦਾਰ।’ -ਪੀਟੀਆਈ
ਉਪ ਰਾਜਪਾਲ ਵੱਲੋਂ ਦਿੱਲੀ ਸਕੱਤਰੇਤ ਸੀਲ
ਨਵੀਂ ਦਿੱਲੀ:
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਸੱਤਾ ਤਬਦੀਲੀ ਦਾ ਸੰਕੇਤ ਮਿਲਣ ਵਿਚਾਲੇ ਦਿੱਲੀ ਸਰਕਾਰ ਦੇ ਹੈੱਡਕੁਆਰਟਰ ਦਿੱਲੀ ਸਕੱਤਰੇਤ ਨੂੰ ਅਧਿਕਾਰਤ ਫਾਈਲਾਂ, ਦਸਤਾਵੇਜ਼ਾਂ ਅਤੇ ਇਲੈਕਟ੍ਰੌਨਿਕ ਰਿਕਾਰਡ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੀਲ ਕਰ ਦਿੱਤਾ ਗਿਆ ਹੈ। ਦਿੱਲੀ ਸਰਕਾਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਨੇ ਇੱਕ ਹੁਕਮ ਜਾਰੀ ਕਰਕੇ ਸਾਰੇ ਵਿਭਾਗਾਂ, ਏਜੰਸੀਆਂ ਤੇ ਮੰਤਰੀਆਂ ਦੇ ਕੈਂਪ ਦਫ਼ਤਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਵਿਭਾਗ ਦੀ ਇਜਾਜ਼ਤ ਬਿਨਾਂ ਕੋਈ ਵੀ ਰਿਕਾਰਡ ਜਾਂ ਫਾਈਲ ਨਾ ਹਟਾਉਣ।
ਆਤਿਸ਼ੀ ਸਣੇ ਪੰਜ ਮਹਿਲਾ ਉਮੀਦਵਾਰ ਜੇਤੂ
ਨਵੀਂ ਦਿੱਲੀ:
ਦਿੱਲੀ ਵਿਧਾਨ ਸਭਾ ਚੋਣਾਂ ਵਿਚ ਐਤਕੀਂ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਸਣੇ ਪੰਜ ਮਹਿਲਾ ਉਮੀਦਵਾਰ ਜੇਤੂ ਰਹੇ ਹਨ ਜਦਕਿ ਪੰਜ ਸਾਲ ਪਹਿਲਾਂ ਇਹ ਅੰਕੜਾ 8 ਸੀ। ਆਤਿਸ਼ੀ ‘ਆਪ’ ਵੱਲੋਂ ਜਿੱਤੀ ਇਕੋ ਇਕ ਮਹਿਲਾ ਉਮੀਦਵਾਰ ਹੈ। ਆਤਿਸ਼ੀ ਨੇ ਭਾਜਪਾ ਦੇ ਰਮੇਸ਼ ਬਿਧੂੜੀ ਨੂੰ ਕਾਲਕਾਜੀ ਹਲਕੇ ਤੋਂ 3521 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਾਕੀ ਚਾਰ ਜੇਤੂ ਭਾਜਪਾ ਮਹਿਲਾ ਉਮੀਦਵਾਰਾਂ ਵਿਚ ਰੇਖਾ ਗੁਪਤਾ (ਸ਼ਾਲੀਮਾਰ ਬਾਗ਼), ਪੂਨਮ ਸ਼ਰਮਾ (ਵਜ਼ੀਰਪੁਰ), ਨੀਲਮ ਪਹਿਲਵਾਨ (ਨਜਫ਼ਗੜ੍ਹ) ਤੇ ਸ਼ਿਖਾ ਰਾਏ (ਗਰੇਟਰ ਕੈਲਾਸ਼) ਸ਼ਾਮਲ ਹਨ। ਉਂਝ ਐਤਕੀਂ ਚੋਣ ਪਿੜ ਵਿੱਚ ਉਤਰੇ ਕੁੱਲ 699 ਉਮੀਦਵਾਰਾਂ ’ਚੋਂ 96 ਮਹਿਲਾਵਾਂ ਸਨ। ਪੰਜ ਸਾਲ ਪਹਿਲਾਂ 76 ਮਹਿਲਾਵਾਂ ਸਣੇ ਕੁੱਲ 672 ਉਮੀਦਵਾਰਾਂ ਨੇ ਚੋਣ ਲੜੀ ਸੀ। -ਪੀਟੀਆਈ