RBI Imposes Restrictions ਰਿਜ਼ਰਵ ਬੈਂਕ ਵੱਲੋਂ ਪਾਬੰਦੀਆਂ ਲਗਾਉਣ ਤੋਂ ਬਾਅਦ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਦੇ ਬਾਹਰ ਲੰਬੀਆਂ ਕਤਾਰਾਂ
ਮੁੰਬਈ, 14 ਫਰਵਰੀ
ਮੁੰਬਈ ਦੇ ਬਾਂਦਰਾ ਸਥਿਤ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ’ਤੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀਆਂ ਪਾਬੰਦੀਆਂ ਨੇ ਉਨ੍ਹਾਂ ਖਾਤਾਧਾਰਕਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜੋ ਹੁਣ ਆਪਣੀ ਜਮ੍ਹਾ ਰਾਸ਼ੀ ਤੱਕ ਪਹੁੰਚ ਨਹੀਂ ਕਰ ਪਾ ਰਹੇ ਹਨ। ਹਾਲ ਹੀ ਵਿਚ ਸਾਹਮਣੇ ਆਈਆਂ ਤਸਵੀਰਾਂ ਵਿਚ ਲੋਕ ਬੈਂਕਾਂ ਦੇ ਬਾਹਰ ਕਤਾਰਾਂ ’ਚ ਲੱਗ ਕੇ ਪੈਸੇ ਕਢਵਾਉਣ ਲਈ ਖੜ੍ਹੇ ਹਨ।
ਲੋਕਾਂ ਨੂੰ ਸ਼ੁੱਕਰਵਾਰ ਸਵੇਰੇ ਆਰਬੀਆਈ ਦੇ ਫੈਸਲੇ ਦੀ ਜਾਣਕਾਰੀ ਦੇਣ ਵਾਲੇ ਸੰਦੇਸ਼ ਮਿਲੇ। ਬੈਂਕ ਨੂੰ ਨਵੀਂਆਂ ਜਮ੍ਹਾਂ ਰਕਮਾਂ ਨੂੰ ਸਵੀਕਾਰ ਕਰਨ ਜਾਂ ਕਢਵਾਉਣ ਦੀ ਆਗਿਆ ਦੇਣ ਤੋਂ ਰੋਕਿਆ ਗਿਆ ਹੈ, ਜਿਸ ਨਾਲ ਖਾਤਾ ਧਾਰਕ ਸਹਿਮ ਗਏ। ਖਾਤਾਧਾਰਕ ਅਜੇ ਮੋਰੇ ਨੇ ਕਿਹਾ, ‘‘ਮੈਂ ਇੱਥੇ 22 ਸਾਲਾਂ ਤੋਂ ਜੁੜਿਆ ਹੋਇਆ ਹਾਂ। ਮੇਰੀ ਪਤਨੀ ਦੀ ਅਤੇ ਮੇਰੀ ਸਾਰੀ ਬਚਤ ਇਸ ਬੈਂਕ ਵਿੱਚ ਹੈ। ਬਿਨਾਂ ਕਿਸੇ ਅਗਾਊਂ ਸੂਚਨਾ ਦੇ ਸਾਨੂੰ 90 ਦਿਨਾਂ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ ਹੈ ਅਸੀਂ ਹੁਣ ਆਪਣੇ ਪੈਸੇ ਤੱਕ ਪਹੁੰਚ ਕਰਨ ਵਿੱਚ ਅਸਮਰੱਥ ਹਾਂ। ਪਰ ਅਸੀਂ ਉਦੋਂ ਤੱਕ ਪੈਸਿਆਂ ਦਾ ਪ੍ਰਬੰਧ ਕਿਵੇਂ ਕਰਾਂਗੇ?’’
ਬਹੁਤ ਸਾਰੇ ਖਾਤਾਧਾਰਕਾਂ ਨੇ ਆਰਬੀਆਈ ਦੇ ਇਸ ਅਚਾਨਕ ਕਦਮ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਸੀ। ਇੱਕ ਹੋਰ ਖ਼ਾਤਾ ਧਾਰਕ ਅਰਬਾਜ਼ ਖਾਨ ਨੇ ਕਿਹਾ "ਅਸੀਂ ਰੋਜ਼ਾਨਾ ਦੇ ਖਰਚਿਆਂ ਲਈ ਇਸ ਬੈਂਕ ’ਤੇ ਨਿਰਭਰ ਕਰਦੇ ਹਾਂ। ਜੇਕਰ ਸਾਨੂੰ ਪਹਿਲਾਂ ਸੂਚਿਤ ਕੀਤਾ ਜਾਂਦਾ, ਤਾਂ ਅਸੀਂ ਆਪਣੇ ਫੰਡ ਸੁਰੱਖਿਅਤ ਕਰ ਸਕਦੇ ਸੀ। ਇਸ ਤਰ੍ਹਾਂ ਅਚਾਨਕ ਰੋਕ ਲਾਉਣਾ ਗਲਤ ਹੈ।’’
ਹਾਲਾਂਕਿ RBI ਨੇ ਖਾਸ ਸ਼ਰਤਾਂ ਅਧੀਨ ਸੀਮਤ ਕਢਵਾਉਣ ਦੀ ਇਜਾਜ਼ਤ ਦਿੱਤੀ ਹੈ ਪਰ ਲੋਕਾਂ ਦਾ ਤਰਕ ਹੈ ਕਿ ਇਜਾਜ਼ਤ ਦਿੱਤੀ ਗਈ ਰਕਮ ਨਾਕਾਫ਼ੀ ਹੈ। ਆਰਬੀਆਈ ਨੇ ਇਹ ਪਾਬੰਦੀਆਂ ਸੁਪਰਵਾਈਜ਼ਰੀ ਚਿੰਤਾਵਾਂ ਅਤੇ ਲਿਕੁਡਿਟੀ ਦੇ ਮੁੱਦਿਆਂ ਕਾਰਨ ਲਗਾਈਆਂ ਹਨ।
ਆਰਬੀਆਈ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਬੈਂਕ ਕੁਝ ਜ਼ਰੂਰੀ ਚੀਜ਼ਾਂ ਜਿਵੇਂ ਕਿ ਕਰਮਚਾਰੀਆਂ ਦੀ ਤਨਖਾਹ, ਕਿਰਾਇਆ, ਬਿਜਲੀ ਦੇ ਬਿੱਲਾਂ ਆਦਿ ਦੇ ਸਬੰਧ ਵਿੱਚ ਖਰਚ ਕਰ ਸਕਦਾ ਹੈ। “ਯੋਗ ਜਮ੍ਹਾਕਰਤਾ ਆਪਣੀ ਜਮ੍ਹਾਂ ਰਕਮ ਦੀ 5,00,000 ਰੁਪਏ ਦੀ ਮੁਦਰਾ ਸੀਮਾ ਤੱਕ ਦੀ ਜਮ੍ਹਾ ਬੀਮਾ ਕਲੇਮ ਰਕਮ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ। -ਆਈਏਐੱਨਐੱਸ