ਕੇਰਲ ਦੇ ਤੱਟੀ ਖੇਤਰ ’ਚ ਲਾਇਬੇਰੀਆ ਸਮੁੰਦਰੀ ਜਹਾਜ਼ ਪਲਟਿਆ
24 ਮੈਂਬਰੀ ਚਾਲਕ ਦਲ ਨੂੰ ਬਚਾਇਆ; ਤੇਲ ਰਿਸਣ ਦਾ ਖਦਸ਼ਾ
Advertisement
ਕੋਚੀ/ਨਵੀਂ ਦਿੱਲੀ, 25 ਮਈਕੋਚੀ ਦੇ ਤੱਟੀ ਖੇਤਰ ’ਚ ਬੀਤੇ ਦਿਨ 640 ਕੰਟੇਨਰ ਲਿਜਾ ਰਿਹਾ ਲਾਇਬੇਰੀਅਨ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਪਟਲਣ ਕਾਰਨ ਡੁੱਬ ਗਿਆ, ਜਿਸ ਮਗਰੋਂ ਤੇਲ ਦੇ ਰਿਸਾਅ ਦਾ ਖਦਸ਼ਾ ਪੈਦਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ’ਤੇ ਕੁੱਲ 640 ਕੰਟੇਨਰ ਲੱਦੇ ਹੋਏ ਸਨ, ਜਿਨ੍ਹਾਂ ’ਚੋਂ 13 ਵਿੱਚ ਖਤਰਨਾਕ ਸਮੱਗਰੀ ਸੀ। ਉਨ੍ਹਾਂ ਦੱਸਿਆ ਕਿ ਸਮੁੰਦਰੀ ਜਹਾਜ਼ ਦੇ ਚਾਲਕ ਦਲ ਵਿੱਚ 24 ਮੈਂਬਰ ਸ਼ਾਮਲ ਸਨ ਅਤੇ ਸਾਰਿਆਂ ਨੂੰ ਬਚਾਅ ਲਿਆ ਗਿਆ ਹੈ।
ਰੱਖਿਆ ਮੰਤਰਾਲੇ ਨੇ ਕਿਹਾ ਕਿ ਹਾਲੇ ਤੱਕ ਤੇਲ ਦੇ ਰਿਸਾਅ ਦੀ ਕੋਈ ਰਿਪੋਰਟ ਨਹੀਂ ਹੈ। ਭਾਰਤੀ ਤੱਟ ਰੱਖਿਅਕ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਤੱਟ ਰੱਖਿਅਕ ਭਾਰਤੀ ਜਲ ਸੈਨਾ ਦੇ ਸਹਿਯੋਗ ਨਾਲ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ, ‘25 ਮਈ ਨੂੰ ਸਵੇਰੇ 7.50 ਵਜੇ ਐੱਮਐੱਸਸੀ ਈਐੱਲਐੱਸਏ3 ਪਾਣੀ ਭਰਨ ਕਾਰਨ ਪਲਟ ਗਿਆ।’ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ’ਤੇ ਮੌਜੂਦ 640 ਕੰਟੇਨਰਾਂ ’ਚੋਂ 13 ਵਿੱਚ ਰਸਾਇਣਕ ਤੌਰ ’ਤੇ ਸੰਵੇਦਨਸ਼ੀਲ ਸਮੱਗਰੀ ਸੀ, ਜਦਕਿ 12 ਕੰਟੇਨਰ ਕੈਲਸ਼ੀਅਮ ਕਾਰਬਾਈਡ ਨਾਲ ਭਰੇ ਹੋਏ ਸਨ। ਇਸ ਤੋਂ ਇਲਾਵਾ ਜਹਾਜ਼ ’ਤੇ 84.44 ਮੀਟਰਿਕ ਟਨ ਡੀਜ਼ਲ ਅਤੇ 367.1 ਮੀਟਰਿਕ ਟਨ ਫਰਨੇਸ ਤੇਲ ਲੱਦਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚਾਲਕ ਦਲ ਦੇ 24 ਮੈਂਬਰਾਂ ’ਚੋਂ 21 ਨੂੰ ਤੱਟ ਰੱਖਿਅਕਾਂ ਨੇ ਬਚਾਅ ਲਿਆ ਸੀ, ਜਦਕਿ ਬਾਕੀ ਤਿੰਨ ਨੂੰ ਬਾਅਦ ਵਿੱਚ ਆਈਐੱਨਐੱਸ ਸੁਜਾਤਾ ਵੱਲੋਂ ਬਚਾਇਆ ਗਿਆ। -ਪੀਟੀਆਈ
Advertisement
Advertisement