Leopard at wedding ceremony ਲਖਨਊ ਵਿਚ ਵਿਆਹ ਸਮਾਗਮ ’ਚ ਤੇਂਦੂਆ ਵੜਿਆ, ਲਾੜਾ-ਲਾੜੀ ਘੰਟਿਆਂਬੱਧੀ ਕਾਰ ’ਚ ਫਸੇ ਰਹੇ
ਲਖਨਊ, 13 ਫਰਵਰੀ
Leopard at wedding ceremony ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੁੱਧੇਸ਼ਵਰ ਇਲਾਕੇ ਵਿਚ ਵਿਆਹ ਸਮਾਗਮ ਵਿਚ ਤੇਂਦੂਏ ਦੇ ਵੜਨ ਕਰਕੇ ਅਫ਼ਰਾ ਤਫ਼ਰੀ ਮਚ ਗਈ। ਲਾੜਾ ਲਾੜੀ ਘੰਟਿਆਂਬੱਧੀ ਆਪਣੀ ਕਾਰ ਵਿਚ ਫਸੇ ਰਹੇ, ਪਰ ਅਖੀਰ ਨੂੰ ਵਣ ਵਿਭਾਗ ਦੀ ਟੀਮ ਨੇ ਤੇਂਦੂਏ ਨੂੰ ਬੇਹੋਸ਼ ਕਰਕੇ ਕਾਬੂ ਕਰ ਲਿਆ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਯਾਦਵ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟਾਚਾਰ ਕਰਕੇ ਜੰਗਲਾਂ ਵਿਚ ਮਨੁੱਖਾਂ ਦਾ ਨਾਜਾਇਜ਼ ਕਬਜ਼ਾ ਵਧਿਆ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਬੁੱਧੇਸ਼ਵਰ ਰਿੰਗ ਰੋਡ ਇਲਾਕੇ ਦੇ ਇੱਕ ‘ਮੈਰਿਜ ਹਾਲ’ ਵਿੱਚ ਵਾਪਰੀ, ਜਿੱਥੇ ਤੇਂਦੂਆ ਅੰਦਰ ਦਾਖਲ ਹੋਇਆ। ਇਸ ਨਾਲ ਉੱਥੇ ਅਫ਼ਰਾ ਤਫ਼ਰੀ ਮਚ ਗਈ ਅਤੇ ਮਹਿਮਾਨ ਆਪਣੀ ਜਾਨ ਬਚਾਉਣ ਲਈ ਭੱਜ ਗਏ। ਵਿਆਹ ਹਾਲ ਵਿੱਚ ਮੌਜੂਦ ਲਾੜੇ-ਲਾੜੀ ਨੂੰ ਵੀ ਆਪਣੀ ਜਾਨ ਬਚਾਉਣ ਲਈ ਆਪਣੀ ਕਾਰ ਵੱਲ ਭੱਜਣਾ ਪਿਆ। ਬਾਅਦ ਵਿੱਚ ਜੰਗਲਾਤ ਵਿਭਾਗ ਅਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਤੇਂਦੂਏ ਦੇ ਹਮਲੇ ਵਿੱਚ ਜੰਗਲਾਤ ਅਧਿਕਾਰੀ ਮੁਕੱਦਰ ਅਲੀ ਜ਼ਖਮੀ ਹੋ ਗਿਆ, ਉਸ ਦੇ ਹੱਥ ਵਿੱਚ ਸੱਟਾਂ ਲੱਗੀਆਂ ਹਨ।
ਜੰਗਲਾਤ ਵਿਭਾਗ ਦੀ ਟੀਮ ਵੱਲੋਂ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ, ਰਾਤ ਕਰੀਬ 2 ਵਜੇ ਤੇਂਦੂਏ ਨੂੰ ਟੀਕਾ ਲਾ ਕੇ ਬੇਹੋਸ਼ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਫੜਿਆ ਜਾ ਸਕਿਆ। ਇੱਕ ਮਹਿਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਪਰਿਵਾਰ ਤੇਂਦੂਏ ਨੂੰ ਕਾਬੂ ਕੀਤੇ ਜਾਣ ਤੱਕ ਆਪਣੇ ਵਾਹਨਾਂ ਵਿੱਚ ਬੈਠੇ ਰਹੇ। -ਪੀਟੀਆਈ