Khan Sir Reacts To Wife's 'Ghoonghat': ਖਾਨ ਸਰ ਨੇ ਕੀਤਾ ਖੁਲਾਸਾ ਰਿਸੈਪਸ਼ਨ ਦੌਰਾਨ ਪਤਨੀ ਨੇ ਕਿਉਂ ਕੱਢਿਆ ਸੀ ਘੁੰਡ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 16 ਮਈ
ਯੂਟਿਊਬ ਦੇ ਮਕਬੂਲ ਸਿੱਖਿਅਕ ਖਾਨ ਸਰ ਨੂੰ ਵੀ ਇੰਟਰਨੈੱਟ ’ਤੇ ਟਰੋਲਰਾਂ ਨੇ ਨਹੀਂ ਬਖਸ਼ਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਦਾ ਵੀਡੀਓ ਆਨਲਾਈਨ ਵਾਇਰਲ ਹੋਈ ਸੀ, ਜਿਸ ਵਿਚ ਉਨ੍ਹਾਂ ਦੀ ਪਤਨੀ ਵੱਲੋਂ ਘੁੰਡ ਕੱਢਣ ਕਾਰਨ ਖਾਨ ਸਰ ਨੂੰ ਭਾਰੀ ਟਰੋਲਿੰਗ ਦਾ ਸ਼ਿਕਾਰ ਹੋਣਾ ਪਿਆ। ਇਸ ਦੌਰਾਨ ਜਿੱਥੇ ਪ੍ਰਸ਼ੰਸਕਾਂ ਨੇ ਜੋੜੇ ਲਈ ਸ਼ੁਭਕਾਮਨਾਵਾਂ ਭੇਜੀਆਂ, ਉੱਥੇ ਹੀ ਕਈਆਂ ਨੇ ਉਨ੍ਹਾਂ ਦੀ ਭਾਰੀ ਆਲੋਚਨਾ ਕੀਤੀ।
ਖਾਨ ਸਰ, ਜੋ ਕਿ ਅਧਿਆਪਨ ਦੇ ਖੇਤਰ ਵਿੱਚ ਇੱਕ ਜਾਣੀ-ਪਛਾਣੀ ਸ਼ਖਸੀਅਤ ਹਨ ਅਤੇ ਯੂਪੀਐੱਸਈ ਦੇ ਵਿਦਿਆਰਥੀਆਂ ਨੂੰ ਮੁਫ਼ਤ ਆਨਲਾਈਨ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਮਸ਼ਹੂਰ ਹਨ, ਨੇ ਹਾਲ ਹੀ ਵਿੱਚ ਬਿਹਾਰ ਦੀ ਇੱਕ ਸਰਕਾਰੀ ਅਧਿਕਾਰੀ ਨਾਲ ਵਿਆਹ ਕਰਵਾਇਆ ਹੈ।
ਵਾਇਰਲ ਹੋਈ ਉਨ੍ਹਾਂ ਦੇ ਵਿਆਹ ਦੇ ਰਿਸੈਪਸ਼ਨ ਦੀ ਵੀਡੀਓ ਵਿੱਚ ਲਾੜੀ ਨੂੰ ਘੁੰਡ ਵਿੱਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਸਿੱਖਿਅਕ ਨੂੰ ਉਸ ਦੇ ‘ਰੂੜ੍ਹੀਵਾਦੀ’ ਪਹੁੰਚ ਲਈ ਲਗਾਤਾਰ ਆਨਲਾਈਨ ਟਰੋਲ ਕੀਤਾ ਜਾ ਰਿਹਾ ਹੈ। ਖਾਨ ਨੇ ਹਾਲ ਹੀ ਵਿੱਚ ਇਸ 'ਘੁੰਡ ਵਿਵਾਦ' ਬਾਰੇ ਬੋਲਿਆ ਅਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਪਤਨੀ ਦਾ ਵਿਆਹ ਦੌਰਾਨ ਘੁੰਡ ਕੱਢਣ ਦਾ ਨਿੱਜੀ ਫੈਸਲਾ ਸੀ।
ਖਾਨ ਨੇ ਇੱਕ ਪੋਡਕਾਸਟ ਦੌਰਾਨ ਦੱਸਿਆ, ‘‘ਉਸ(ਪਤਨੀ) ਨੇ ਕਿਹਾ ਕਿ ਰਿਸੈਪਸ਼ਨ ’ਤੇ ਹਰ ਕੋਈ ਤਿਆਰ ਹੋ ਕਿ ਆਇਆ ਹੈ, ਪਰ ਘੁੰਡ ਉਸ ਨੂੰ ਵੱਖਰਾ ਦਿਖਣ ਵਿੱਚ ਮਦਦ ਕਰੇਗਾ। ਮੈਂ ਉਸ ਨੂੰ ਕਿਹਾ ਕਿ ਲੋਕ ਮੈਨੂੰ ਦੋਸ਼ ਦੇਣਗੇ, ਜਿਸ ’ਤੇ ਉਸ(ਪਤਨੀ) ਨੇ ਜਵਾਬ ਦਿੱਤਾ, ‘ਨਹੀਂ, ਇਹ ਮੇਰਾ ਬਚਪਨ ਦਾ ਸੁਪਨਾ ਹੈ’। ਉਹ ਅੜੀ ਹੋਈ ਸੀ ਕਿ ਉਹ ਇਸੇ ਤਰ੍ਹਾਂ ਹੀ ਰਹਿਣਾ ਚਾਹੁੰਦੀ ਹੈ ਅਤੇ ਅੰਤ ਵਿੱਚ ਮੈਂ ਕਿਹਾ ਠੀਕ ਹੈ।’’
ਖਾਨ ਸਰ ਨੇ ਇਹ ਵੀ ਕਿਹਾ ਕਿ ਇਨ੍ਹਾਂ ਟਰੋਲਾਂ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਪਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਪਿੰਡ ਤੋਂ ਆਏ ਹਾਂ ਅਤੇ ਪਿੰਡ ਨੂੰ ਪਿੱਛੇ ਨਹੀਂ ਛੱਡ ਸਕਦੇ।’’