ਕੇਦਾਰਨਾਥ ਜਾ ਰਹੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਾਇਲਟ ਸਣੇ ਛੇ ਜਣੇ ਸੁਰੱਖਿਅਤ
ਰੁਦਰਪ੍ਰਯਾਗ, 7 ਜੂਨ
ਕੇਦਾਰਨਾਥ ਜਾ ਰਹੇ ਹੈਲੀਕਾਪਟਰ ਨੂੰ ਅੱਜ ਉਡਾਨ ਭਰਨ ਮੌਕੇ ਤਕਨੀਕੀ ਨੁਕਸ ਕਰਕੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਹਾਈਵੇ ’ਤੇ ਹੰਗਾਮੀ ਹਾਲਾਤ ਵਿਚ ਲੈਂਡਿੰਗ ਕਰਨੀ ਪਈ। ਹੈਲੀਕਾਪਟਰ ਵਿਚ ਸਵਾਰ ਪੰਜ ਤੀਰਥ ਯਾਤਰੀ ਤੇ ਪਾਇਲਟ ਸੁਰੱਖਿਅਤ ਹਨ। ਅਧਿਕਾਰੀ ਨੇ ਕਿਹਾ ਕਿ ਪਾਇਲਟ ਨੂੰ ਮਾਮੂਲੀ ਸੱਟਾਂ ਲਗੀਆਂ ਹਨ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸੋਸ਼ਲ ਮੀਡੀਆ 'ਤੇ ਮੌਜੂਦ ਵੀਡੀਓਜ਼ ਵਿੱਚ Kestrel ਏਵੀਏਸ਼ਨ ਹੈਲੀਕਾਪਟਰ ਹਾਈਵੇਅ ਦੇ ਵਿਚਕਾਰ ਖੜ੍ਹਾ ਦਿਖਾਇਆ ਗਿਆ ਹੈ, ਜੋ ਕਿ ਆਬਾਦੀ ਵਾਲੀਆਂ ਇਮਾਰਤਾਂ ਦੇ ਬਹੁਤ ਨੇੜੇ ਹੈ ਅਤੇ ਇੱਕ ਪਾਰਕ ਕੀਤੀ ਕਾਰ ਹੈਲੀਕਾਪਟਰ ਦੇ ਟੇਲ ਰੋਟਰ ਨਾਲ ਨੁਕਸਾਨੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਨੇ ਬਾਦਾਸੂ ਬੇਸ (Badasu base) ਤੋਂ ਕੇਦਾਰਨਾਥ ਲਈ ਉਡਾਣ ਭਰੀ ਸੀ ਜਦੋਂ ਤਕਨੀਕੀ ਖਰਾਬੀ ਕਾਰਨ ਸਿਰਸੀ ਨੇੜੇ ਹਾਈਵੇਅ ਦੇ ਬਿਲਕੁਲ ਹੇਠਾਂ ਮੁੱਖ ਸੜਕ ’ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਹੈਲੀਕਾਪਟਰ ਵਿੱਚ ਸਵਾਰ ਛੇ ਲੋਕ, ਜਿਨ੍ਹਾਂ ਵਿੱਚ ਪਾਇਲਟ ਵੀ ਸ਼ਾਮਲ ਸੀ, ਵਾਲ ਵਾਲ ਬਚ ਗਏ।
ਚਸ਼ਮਦੀਦਾਂ ਨੇ ਦੱਸਿਆ ਕਿ ਹੈਲੀਕਾਪਟਰ ਨੂੰ ਹਵਾ ਵਿੱਚ ਸੰਤੁਲਨ ਗੁਆਉਂਦੇ ਅਤੇ ਸੜਕ ’ਤੇ ਹੰਗਾਮੀ ਹਾਲਾਤ ਵਿਚ ਉੱਤਰਦੇ ਦੇਖ ਕੇ ਜ਼ਮੀਨ 'ਤੇ ਮੌਜੂਦ ਲੋਕ ਡਰ ਗਏ। ਕੇਦਾਰਨਾਥ ਹੈਲੀ ਸਰਵਿਸ ਨੋਡਲ ਅਫਸਰ ਰਾਹੁਲ ਚੌਬੇ ਨੇ ਕਿਹਾ ਕਿ ਇਸ ਘਟਨਾ ਦਾ ਹਿਮਾਲੀਅਨ ਮੰਦਰ ਜਾਣ ਵਾਲੀ ਹੈਲੀ ਸ਼ਟਲ ਸੇਵਾ 'ਤੇ ਕੋਈ ਅਸਰ ਨਹੀਂ ਪਿਆ।
ਹੈਲੀਕਾਪਟਰ ਨੂੰ ਹਾਈਵੇਅ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਹ ਇੱਕ ਮਹੀਨੇ ਵਿੱਚ ਚੌਥੀ ਵਾਰ ਹੈ ਜਦੋਂ ਚਾਰ ਧਾਮ ਯਾਤਰਾ ਰੂਟ 'ਤੇ ਹਵਾਈ ਯਾਤਰਾ ਕਰਨ ਵਾਲੇ ਸ਼ਰਧਾਲੂ ਵਾਲ ਵਾਲ ਬਚੇ ਹਨ। -ਪੀਟੀਆਈ