FBI Director ਵਜੋਂ ਕਾਸ਼ ਪਟੇਲ ਦੇ ਨਾਮ ’ਤੇ ਮੋਹਰ
ਵਾਸ਼ਿੰਗਟਨ, 21 ਫਰਵਰੀ
ਅਮਰੀਕੀ ਸੈਨੇਟ ਨੇ ਸੰਘੀ ਜਾਂਚ ਬਿਊਰੋ (FBI) ਦੇ ਨਿਰਦੇਸ਼ਕ ਵਜੋਂ Kash Patel ਦੇ ਨਾਮ ’ਤੇ ਰਸਮੀ ਮੋਹਰ ਲਾ ਦਿੱਤੀ ਹੈ।
ਸੈਨੇਟ ਵਿਚ ਹੋਈ ਵੋਟਿੰਗ ਵਿਚ ਪਟੇਲ ਨੇ 51-49 ਦੇ ਬਹੁਤ ਮਾਮੂਲੀ ਫ਼ਰਕ ਨਾਲ ਜਿੱਤ ਹਾਸਲ ਕਰਕੇ ਦੇਸ਼ ਦੀ ਪ੍ਰਮੁੱਖ ਸੰਘੀ ਕਾਨੂੰਨੀ ਏਜੰਸੀ ਦੇ ਸਿਖਰਲੇ ਅਹੁਦੇ ਉੱਤੇ ਨਿਯੁਕਤੀ ਦੀ ਦਿਸ਼ਾ ਵਿਚ ਆਪਣੇ ਦਾਅਵੇ ਨੂੰ ਮਜ਼ਬੂਤ ਕੀਤਾ ਹੈ।
ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਨੂੰ ਹਾਲਾਂਕਿ ਪਟੇਲ ਦੀ ਯੋਗਤਾ ’ਤੇ ਸ਼ੱਕ ਹੈ ਤੇ ਉਨ੍ਹਾਂ ਨੂੰ ਇਸ ਗੱਲ ਦਾ ਫ਼ਿਕਰ ਹੈ ਕਿ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੱਠਪੁਤਲੀ ਵਜੋਂ ਉਨ੍ਹਾਂ ਦੇ ਵਿਰੋਧੀਆਂ ਖਿਲਾਫ਼ ਕੰਮ ਕਰਨਗੇ।
ਰਿਪਬਲਿਕਨ ਪਾਰਟੀ ਦੀ ਬਹੁਮਤ ਵਾਲੇ ਸੈਨੇਟ ਵਿਚ 51-49 ਦੇ ਮਾਮੂਲੀ ਫ਼ਰਕ ਨਾਲ ਐੱਫਬੀਆਈ ਡਾਇਰੈਕਟਰ ਵਜੋਂ ਕਾਸ਼ ਪਟੇਲ ਦੇ ਨਾਮ ’ਤੇ ਮੋਹਰ ਲੱਗੀ।
ਡੈਮੋਕਰੈਟਿਕ ਪਾਰਟੀ ਦੇ ਸੈਨੇਟਰ ਡਿਕ ਡਰਬਿਨ ਨੇ ਕਿਹਾ, ‘‘ਮੈਂ ਇਸ ਤੋਂ ਬਦਤਰ ਵਿਕਲਪ ਦੀ ਕਲਪਨਾ ਨਹੀਂ ਕਰ ਸਕਦਾ।’’ ਰਿਪਬਲਿਕਨ ਪਾਰਟੀ ਦੀ ਸੈਨੇਟਰ ਸੁਸਾਨ ਕੋਲਿਨਸ ਤੇ ਅਲਾਸਕਾ ਦੀ ਲਿਸਾ ਮੁਰਕੋਵਸਕੀ ਨੇ ਹਾਲਾਂਕਿ ਇਸ ਦਾ ਵਿਰੋਧ ਕੀਤਾ। -ਏਪੀ