ਕਾਸ਼ ਪਟੇਲ ਨੇ ਐੱਫਬੀਆਈ ਡਾਇਰੈਕਟਰ ਵਜੋਂ ਹਲਫ਼ ਲਿਆ
ਵਾਸ਼ਿੰਗਟਨ, 22 ਫਰਵਰੀ
ਕਾਸ਼ ਪਟੇਲ ਨੇ ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫਬੀਆਈ) ਦੇ ਡਾਇਰੈਕਟਰ ਵਜੋਂ ਹਲਫ਼ ਲੈ ਲਿਆ ਹੈ। ਇਸ ਮੌਕੇ ਪਟੇਲ ਦੀ ਭੈਣ ਨਿਸ਼ਾ ਪਟੇਲ, ਮਹਿਲਾ ਮਿੱਤਰ ਅਲੈਕਸਿਸ ਵਿਲਕਿਨਸ ਤੇ ਹੋਰ ਸਕੇ ਸਬੰਧੀ ਮੌਜੂਦ ਸਨ। ਪਟੇਲ ਨੇ ਭਗਵਦ ਗੀਤਾ ’ਤੇ ਹੱਥ ਰੱਖ ਕੇ ਹਲਫ਼ ਲਿਆ। ਉਨ੍ਹਾਂ ਨੂੰ ਅਟਾਰਨੀ ਜਨਰਲ ਪੈਮ ਬੌਂਡੀ ਨੇ ਸਹੁੰ ਚੁਕਾਈ। ਦੱਸਣਾ ਬਣਦਾ ਹੈ ਕਿ ਅਮਰੀਕੀ ਸੈਨੇਟ ਨੇ ਬੀਤੇ ਦਿਨੀਂ ਵੋਟਿੰਗ ਦੌਰਾਨ 51-49 ਦੇ ਮਾਮੂਲੀ ਫਰਕ ਨਾਲ ਅਗਲੇ ਐੱਫਬੀਆਈ ਡਾਇਰੈਕਟਰ ਵਜੋਂ ਕਾਸ਼ ਪਟੇਲ ਦੇ ਨਾਮ ’ਤੇ ਮੋਹਰ ਲਾਈ ਸੀ ਜਿਸ ਦਾ ਕੁਝ ਡੈਮੋਕਰੈਟ ਸੈਨੇਟਰਾਂ ਨੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਕਿਹਾ ਸੀ ਕਿ ਉਹ ਟਰੰਪ ਦੇ ਹੱਥ ਦੀ ਕੱਠਪੁਤਲੀ ਬਣ ਕੇ ਉਨ੍ਹਾਂ ਦੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
44 ਸਾਲਾ ਕਾਸ਼ ਪਟੇਲ ਦਾ ਪੂਰਾ ਨਾਮ ਕਸ਼ਯਪ ਪ੍ਰਮੋਦ ਵਿਨੋਦ ਪਟੇਲ ਹੈ ਤੇ ਉਹ ਐੱਫਬੀਆਈ ਦੇ 9ਵੇਂ ਡਾਇਰੈਕਟਰ ਬਣੇ ਹਨ। ਉਹ ਪਹਿਲੇ ਭਾਰਤੀ ਤੇ ਏਸ਼ਿਆਈ ਮੂਲ ਦੇ ਪਹਿਲੇ ਵਿਅਕਤੀ ਹਨ, ਜੋ ਇਸ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਪਟੇਲ ਦੇ ਮਾਤਾ-ਪਿਤਾ ਗੁਜਰਾਤ ਤੋਂ ਹਨ ਪਰ ਨਸਲੀ ਦਮਨ ਤੋਂ ਬਚਣ ਲਈ ਉਹ ਯੂਗਾਂਡਾ ਤੋਂ ਭੱਜ ਕੇ ਪਹਿਲਾਂ ਕੈਨੇਡਾ ਤੇ ਉਥੋਂ ਅਮਰੀਕਾ ਆਏ ਸਨ। ਪਟੇਲ ਨਿਊਯਾਰਕ ਵਿੱਚ ਜੰਮਿਆ ਪਲਿਆ ਤੇ ਕਾਨੂੰਨ ਦੀ ਪੜ੍ਹਾਈ ਕੀਤੀ। ਪਟੇਲ ਨੇ ਆਪਣੇ ਕਰੀਅਰ ਵਿਚ ਵੱਡੀ ਪੁਲਾਂਘ ਉਦੋਂ ਪੁੱਟੀ ਜਦੋਂ ਉਹ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਪੈਂਟਾਗਨ ਵਿੱਚ ਚੀਫ਼ ਆਫ਼ ਸਟਾਫ਼ ਅਤੇ ਨੈਸ਼ਨਲ ਇੰਟੈਲੀਜੈਂਸ ਦੇ ਡਿਪਟੀ ਡਾਇਰੈਕਟਰ ਬਣੇ। ਟਰੰਪ ਨੇ ਕਿਹਾ ਕਿ ਪਟੇਲ ਨੂੰ ਸਭ ਤੋਂ ਵਧੀਆ ਐੱਫਬੀਆਈ ਡਾਇਰੈਕਟਰ ਵਜੋਂ ਯਾਦ ਕੀਤਾ ਜਾਵੇਗਾ। -ਆਈਏਐੱਨਐੱਸ