ਕਾਰਨਾਟਕ: Dharmasthala ’ਚ ਸਮੂਹਿਕ ਜਬਰ ਜਨਾਹ ਤੇ ਲਾਸ਼ਾਂ ਦਫ਼ਨਾਉਣ ਦਾ ਦਾਅਵਾ ਕਰਨ ਵਾਲਾ ਸਾਬਕਾ ਸਫ਼ਾਈ ਕਰਮਚਾਰੀ ਗ੍ਰਿ੍ਫ਼ਤਾਰ
Sanitation worker who complained of mass rapes, burials in Karnataka's Dharmasthala arrested
ਕਰਨਾਟਕ ’ਚ ਇੱਕ ਉੱਘੇ Dharmasthala ਧਰਮਸਥਲ (ਧਾਰਮਿਕ ਸਥਾਨ) ’ਤੇ ਪਿਛਲੇ ਦੋ ਦਹਾਕਿਆਂ ਦੌਰਾਨ ਕਥਿਤ ਤੌਰ ’ਤੇ ਕਈ ਕਤਲਾਂ, ਜਬਰ-ਜਨਾਹ ਦੀਆਂ ਵਾਰਦਾਤਾਂ ਅਤੇ ਲਾਸ਼ਾਂ ਦਬਾਉਣ ਦਾ ਦਾਅਵਾ ਕਰਨ ਵਾਲੇ ਸ਼ਿਕਾਇਤਕਰਤਾ ਨੂੰ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਕਾਇਮ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਅੱਜ ਗ੍ਰਿਫਤਾਰ ਕਰ ਲਿਆ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੀ ਪਛਾਣ ਸੀ.ਐੱਨ ਚਿਨਈਆ ਵਜੋਂ ਹੋਈ ਹੈ।ਸੀ.ਐੱਨ ਚਿਨਈਆ ਨੁੂੰ ਜੁਡੀਸ਼ੀਅਲ ਫਸਟ ਕਲਾਸ ਮੈਜਿਸਟ੍ਰੇਟ ਵਿਜੇੇਂਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਅੱਗੇ ਦੀ ਜਾਂਚ ਲਈ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ। ਜੋ ਕਿ ਅਦਾਲਤ ਨੇ ਮਨਜ਼ੂਰ ਕਰ ਲਈ ਹੈ ਅਤੇ ਉਸਨੁੂੰ 10 ਦਿਨਾਂ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਸਿਟ ਅਤੇ ਉਸ ਦੇ ਮੁਖੀ ਪ੍ਰਣਵ ਮੋਹੰਤੀ ਨੇ ਸ਼ਿਕਾਇਤਕਰਤਾ ਤੋਂ ਸ਼ੁੱਕਰਵਾਰ ਨੂੰ ਦੇਰ ਰਾਤ ਤੱਕ ਪੁੱਛ ਪੜਤਾਲ ਕੀਤੀ। ਸ਼ਿਕਾਇਤਕਰਤਾ ਦਾ ਨਾਮ ਨਸ਼ਰ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਿਆਨਾਂ ਤੇ ਮੁਹੱਈਆ ਕਰਵਾਏ ਗਏ ਦਸਤਾਵੇਜ਼ਾਂ ’ਚ ਬੇਨੇਮੀਆਂ ਪਾਏ ਜਾਣ ਮਗਰੋਂ ਗ੍ਰਿਫ਼ਤਾਰੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਿਟ (SIT) ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸ਼ਿਕਾਇਤਕਰਤਾ-ਗਵਾਹ ਨੂੰ ਇੱਕ ਘੰਟਾ ਪੁੱਛ ਪੜਤਾਲ ਮਗਰੋਂ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਸ਼ਿਕਾਇਤਕਰਤਾ ਇੱਕ ਸਾਬਕਾ ਸਫਾਈ ਕਰਮਚਾਰੀ ਹੈ।
ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ 1995 ਤੋਂ 2014 ਦੇ ਦਰਮਿਆਨ ਧਾਰਮਿਕ ਸਥਾਨ ਵਿੱਚ ਕੰਮ ਕੀਤਾ ਸੀ, ਅਤੇ ਉਸ ਨੂੰ ਧਾਰਮਿਕ ਸਥਾਨ ਵਿੱਚ ਔਰਤਾਂ ਅਤੇ ਨਾਬਾਲਗਾਂ ਸਣੇ ਕਈ ਲੋਕਾਂ ਦੀਆਂ ਲਾਸ਼ਾਂ ਦਫਨਾਉਣ ਲਈ ਮਜਬੂਰ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕੁਝ ਲਾਸ਼ਾਂ ਤੋਂ ਜਿਨਸੀ ਸ਼ੋਸ਼ਣ ਦੇ ਸੰਕੇਤ ਮਿਲੇ ਸਨ। ਉਨ੍ਹਾਂ ਨੇ ਇਸ ਸਬੰਧ ਵਿੱਚ ਮੈਜਿਸਟਰੇਟ ਦੇ ਸਾਹਮਣੇ ਬਿਆਨ ਵੀ ਦਿੱਤਾ ਹੈ। ਸਿਟ ਨੇ ਜਾਂਚ ਤਹਿਤ ਧਾਰਮਿਕ ਸਥਾਨ ਨੇਤਰਵਤੀ ਨਦੀ ਕਿਨਾਰੇ ਜੰਗਲੀ ਖੇਤਰਾਂ ’ਚ ਸ਼ਿਕਾਇਤਕਰਤਾ ਦੀ ਨਿਸ਼ਾਨਦੇਹੀ ’ਤੇ ਕੁਝ ਥਾਵਾਂ ਦੀ ਖੁਦਾਈ ਕੀਤੀ ਸੀ ਜਿੱਥੋਂ ਹੁਣ ਤੱਕ ਦੋ ਪਿੰਜਰਾਂ ਦੇ ਅਵਸ਼ੇਸ਼ ਮਿਲੇ ਹਨ।
ਕਾਂਗਰਸ ਦੇ ਗ੍ਰਹਿ ਮੰਤਰੀ ਜੀ. ਭਗਵਾਨ ਨੇ ਹਾਲ ਹੀ ਵਿੱਚ ਵਿਧਾਨ ਸਭਾ ’ਚ ਕਿਹਾ ਸੀ ਕਿ ਜੇਕਰ ਵਿਸ਼ੇਸ਼ ਜਾਂਚ ਟੀਮ ਨੂੰ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ਾਂ ’ਚ ਕਿਸੇ ਝੂਠ ਦਾ ਪਤਾ ਲੱਗਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਦੇ ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਿਰਫ ਖੁਦਾਈ ਹੋਈ, ਜਾਂਚ ‘‘ਹਾਲੇ ਸ਼ੁਰੂ ਹੀ ਨਹੀਂ ਹੋਈ ਹੈ’’ ਅਤੇ ਸਰਕਾਰ ਨਹੀਂ ਬਲਕਿ ਮਾਮਲੇ ਦੀ ਜਾਂਚ ਕਰ ਰਹੀ SIT ਹੀ ਅੱਗੇ ਹੋਰ ਖੁਦਾਈ ਬਾਰੇ ਫੈਸਲਾ ਲਵੇਗੀ।