Karnataka Accident:ਟਰੱਕ ਖਾਈ ਵਿਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ
ਉੱਤਰਾ ਕੰਨੜ, 22 ਜਨਵਰੀ
ਕਰਨਾਟਕ ਦੇ ਉੱਤਰਾ ਕੰਨੜ ਦੇ ਅਰੇਬਿਲੇ ਖੇਤਰ ਵਿੱਚ ਬੁੱਧਵਾਰ ਸਵੇਰੇ ਵਾਪਰੇ ਇੱਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ। ਕੇਐਮਸੀ ਹਸਪਤਾਲ ਦੇ ਡਾਇਰੈਕਟਰ ਐਸਐਫ ਕਮਰ ਨੇ ਕਿਹਾ ਇੱਕ ਮਰੀਜ਼ ਨੂੰ ਮ੍ਰਿਤਕ (ਹਸਪਤਾਲ ਵਿੱਚ) ਲਿਆਂਦਾ ਗਿਆ ਸੀ, ਬਾਕੀ 11 ਜ਼ਖਮੀ ਸਾਡੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਹਨ। ਇਨ੍ਹਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਫਿਲਹਾਲ ਉਹ ਖਤਰੇ ਤੋਂ ਬਾਹਰ ਹਨ।
ਜ਼ਿਕਰਯੋਗ ਹੈ ਕਿ ਪੀੜਤ ਸਬਜ਼ੀ ਵਿਕਰੇਤਾ ਦੱਸੇ ਗਏ ਹਨ ਜੋ ਸਾਵਨੂਰ ਤੋਂ ਕੁਮਟਾ ਮੰਡੀ ਵਿੱਚ ਸਬਜ਼ੀ ਵੇਚਣ ਲਈ ਜਾ ਰਹੇ ਸਨ, ਜਦੋਂ ਉਨ੍ਹਾਂ ਦਾ ਟਰੱਕ ਬੇਕਾਬੂ ਹੋ ਕੇ 50 ਮੀਟਰ ਹੇਠਾਂ ਖਾਈ ਵਿੱਚ ਡਿੱਗ ਗਿਆ। ਸੂਬੇ ’ਚ ਵਾਪਰੇ ਘਾਤਕ ਹਾਦਸਿਆਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਸਿੱਧਰਮਈਆ ਨੇ ਮੌਤਾਂ ’ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਮੁੱਖ ਮੰਤਰੀ ਦਫਤਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 3 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਦਾਇਗੀ ਦਾ ਐਲਾਨ ਕੀਤਾ ਹੈ। ਉੱਤਰਾ ਕੰਨੜ ਜ਼ਿਲ੍ਹੇ ਦੇ ਯੱਲਾਪੁਰ ਅਤੇ ਰਾਏਚੂਰ ਜ਼ਿਲ੍ਹੇ ਦੇ ਸਿੰਧਨੂਰ ਵਿਖੇ ਦੋ ਵੱਖ-ਵੱਖ ਹਾਦਸਿਆਂ ਵਿੱਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਰਾਜ ਸਰਕਾਰ ਵੱਲੋਂ 3-3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਦੇ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਏਐੱਨਆਈ