ਸਾਂਝਾ ਤੰਤਰ ਜਲਵਾਯੂ ਟੀਚੇ ਪੂਰੇ ਕਰਨ ਲਈ ਅਹਿਮ: ਭਾਰਤ
ਘੱਟ ਕਾਰਬਨ ਨਿਕਾਸੀ ਵਾਲੀਆਂ ਤਕਨਾਲੋਜੀਆਂ ’ਤੇ ਜ਼ੋਰ; ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਭਾੲੀਵਾਲ ਮੁਲਕਾਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ
ਭਾਰਤ ਨੇ ਕਿਹਾ ਹੈ ਕਿ ਸਾਂਝਾ ਕਰੈਡਿਟਿੰਗ ਤੰਤਰ (ਜੇ ਸੀ ਐੱਮ) ਆਲਮੀ ਪੱਧਰ ’ਤੇ ਇਕਸਮਾਨ ਅਤੇ ਵਿਆਪਕ ਜਲਵਾਯੂ ਕਾਰਵਾਈ ਨੂੰ ਅੱਗੇ ਵਧਾਉਣ ਦਾ ਅਹਿਮ ਸਾਧਨ ਬਣ ਕੇ ਉਭਰਿਆ ਹੈ। ਇਹ ਅਤਿ ਆਧੁਨਿਕ ਘੱਟ ਕਾਰਬਨ ਨਿਕਾਸੀ ਵਾਲੀਆਂ ਤਕਨਾਲੋਜੀਆਂ ਨੂੰ ਤੇਜ਼ੀ ਨਾਲ ਅਪਣਾਉਣ ਦੀ ਸਮਰੱਥਾ ਰਖਦਾ ਹੈ ਅਤੇ ਭਾਰਤ ਦੇ ਨਿਕਾਸੀ ਟੀਚਿਆਂ ਨੂੰ ਹਮਾਇਤ ਦੇ ਸਕਦਾ ਹੈ।
ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਜੇ ਸੀ ਐੱਮ ਜਿਹੇ ਸਹਿਯੋਗੀ ਢਾਂਚੇ ਭਾਰਤ ਵਾਂਗ ਹੋਰ ਮੁਲਕਾਂ ਦੀਆਂ ਵਿਕਾਸ ਤਰਜੀਹਾਂ ਮੁਤਾਬਕ ਆਲਮੀ ਨਿਕਾਸੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਇਥੇ ਸੀ ਓ ਪੀ30 ਤੋਂ ਅੱਡ 11ਵੇਂ ਜੇ ਸੀ ਐੱਮ ਭਾਈਵਾਲ ਮੁਲਕਾਂ ਦੀ ਮੀਟਿੰਗ ’ਚ ਕਿਹਾ, ‘‘ਜੇ ਸੀ ਐੱਮ ਜਿਹਾ ਤੰਤਰ ਜਲਵਾਯੂ ਕਾਰਵਾਈ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਕੌਮੀ ਤਰਜੀਹਾਂ ਖਾਸ ਕਰਕੇ ਵਿਕਾਸਸ਼ੀਲ ਮੁਲਕਾਂ ਦੇ ਹਿੱਤਾਂ ਨੂੰ ਵੀ ਹਮਾਇਤ ਦਿੰਦਾ ਹੈ।’’ ਜੇ ਸੀ ਐੱਮ ਅਜਿਹਾ ਤੰਤਰ ਹੈ ਜਿਸ ’ਚ ਭਾਰਤ ਅਤੇ ਜਪਾਨ ਜਿਹੇ ਮੁਲਕ ਰਲ ਕੇ ਘੱਟ ਕਾਰਬਨ ਤਕਨੀਕ ਵਾਲੇ ਪ੍ਰਾਜੈਕਟ ਲਗਾਉਂਦੇ ਹਨ। ਇਨ੍ਹਾਂ ਪ੍ਰਾਜੈਕਟਾਂ ਤੋਂ ਹੋਣ ਵਾਲੀ ਘੱਟ ਨਿਕਾਸੀ ਨੂੰ ਦੋਵੇਂ ਮੁਲਕ ਕਰੈਡਿਟ ਵਜੋਂ ਆਪਸ ’ਚ ਵੰਡਦੇ ਹਨ ਤਾਂ ਜੋ ਆਪੋ-ਆਪਣੇ ਜਲਵਾਯੂ ਟੀਚਿਆਂ ਨੂੰ ਪੂਰਾ ਕੀਤਾ ਜਾ ਸਕੇ।
ਸੈਸ਼ਨ ਦੀ ਅਗਵਾਈ ਕਰਨ ਵਾਲੇ ਜਪਾਨ ਦੇ ਵਾਤਾਵਰਨ ਮੰਤਰੀ ਹਿਰੋਤਾਕਾ ਇਸ਼ਿਹਾਰਾ ਨੇ ਦੱਸਿਆ ਕਿ ਜੇ ਸੀ ਐੱਮ ਦਾ ਵਿਸਥਾਰ ਹੁਣ 31 ਭਾਈਵਾਲ ਮੁਲਕਾਂ ਤੱਕ ਹੋ ਗਿਆ ਹੈ ਅਤੇ ਪੈਰਿਸ ਸਮਝੌਤੇ ਦੀ ਧਾਰਾ 6 ਤਹਿਤ 280 ਤੋਂ ਵਧ ਪ੍ਰਾਜੈਕਟ ਲਾਗੂ ਕੀਤੇ ਜਾ ਰਹੇ ਹਨ। ਇਸ ਦੌਰਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈ ਇਨਾਸੀਓ ਲੂਲਾ ਡਾ ਸਿਲਵਾ ਨੇ ਵਾਤਾਵਰਨ ਮੰਤਰੀ ਭੁਪੇਂਦਰ ਯਾਦਵ ਦੀ ਅਗਵਾਈ ਹੇਠਲੇ ਭਾਰਤੀ ਵਫ਼ਦ ਨਾਲ ਮਲਾਕਾਤ ਕਰਕੇ ਜਲਵਾਯੂ ਤਬਦੀਲੀ ਬਾਰੇ ਕੀਤੇ ਜਾ ਰਹੇ ਯਤਨਾਂ ਦੀ ਚਰਚਾ ਕੀਤੀ। ਸ੍ਰੀ ਯਾਦਵ ਨੇ ਚੀਨ ਦੇ ਵਿਸ਼ੇਸ਼ ਸਫ਼ੀਰ ਲਿਯੂ ਜ਼ੇਨਮਿਨ ਅਤੇ ਆਪਣੇ ਕਿਊਬਨ ਹਮਰੁਤਬਾ ਸੀ ਅਰਮਾਂਡੋ ਰੌਡਰਿਗਜ਼ ਬਤਿਸਤਾ ਨਾਲ ਵੀ ਨਵਿਆਉਣਯੋਗ ਊਰਜਾ ਜਿਹੇ ਖੇਤਰਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

