ਪੈਰਿਸ ਦੇ ਲੂਵਰ ਮਿਊਜ਼ੀਅਮ ਵਿਚੋਂ ਗਹਿਣੇ ਚੋਰੀ
Thieves steal jewellery from Louvre Museum in Paris ਇੱਥੋ ਦੇ ਪ੍ਰਸਿੱਧ ਲੂਵਰ ਮਿਊਜ਼ੀਅਮ ਵਿਚ ਅੱਜ ਗਹਿਣੇ ਚੋਰੀ ਹੋ ਗਏ ਜਿਸ ਤੋਂ ਬਾਅਦ ਇਸ ਮਿਊਜ਼ੀਅਮ ਨੂੰ ਦਿਨ ਭਰ ਲਈ ਬੰਦ ਕਰ ਦਿੱਤਾ ਗਿਆ। ਫਰਾਂਸ ਦੇ ਸੱਭਿਆਚਾਰ ਮੰਤਰੀ ਰਚਿਦਾ ਦਾਤੀ ਨੇ ਐਕਸ ’ਤੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਅੱਜ ਸਵੇਰੇ ਲੂਵਰ ਮਿਊਜ਼ੀਅਮ ਵਿਚ ਚੋਰੀ ਹੋ ਗਈ।’ ਇਹ ਚੋਰੀ ਚਾਰ ਮਿੰਟਾਂ ਵਿਚ ਕੀਤੀ ਗਈ ਤੇ ਲੁਟੇਰਿਆਂ ਨੇ ਗਹਿਣੇ ਚੋਰੀ ਕਰਨ ਲਈ ਸ਼ੀਸ਼ਾ ਤੋੜਿਆ ਤੇ ਬਿਨਾਂ ਖੂਨ ਖਰਾਬਾ ਕੀਤੇ ਫਰਾਰ ਹੋ ਗਏ।
ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਚੋਰ ਸਵੇਰੇ 9:30 ਵਜੇ ਤੋਂ 9:40 ਵਜੇ ਦਰਮਿਆਨ ਪਹੁੰਚੇ ਅਤੇ ਗਹਿਣੇ ਚੋਰੀ ਕਰ ਲਏ। ਇਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਲੁਟੇਰੇ ਇੱਕ ਸਕੂਟਰ ’ਤੇ ਆਏ ਸਨ ਤੇ ਉਨ੍ਹਾਂ ਨੇ ਉਸ ਕਮਰੇ ਤੱਕ ਪਹੁੰਚਣ ਲਈ ਸਾਮਾਨ ਲਿਆਉਣ ਵਾਲੀ ਲਿਫਟ ਦੀ ਵਰਤੋਂ ਕੀਤੀ।
ਦੱਸਣਾ ਬਣਦਾ ਹੈ ਕਿ ਪੈਰਿਸ ਵਿਚ ਆਈਫਲ ਟਾਵਰ ਤੇ ਆਰਕ ਡੀ ਟਰੰਪ ਤੋਂ ਇਲਾਵਾ ਲੂਵਰ ਮਿਊਜ਼ੀਅਮ ਪ੍ਰਸਿੱਧ ਸੈਲਾਨੀ ਕੇਂਦਰ ਹਨ ਤੇ ਲੂਵਰ ਮਿਊਜ਼ੀਅਮ ਦੁਨੀਆ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਅਜਾਇਬ ਘਰ ਵਜੋਂ ਸੂਚੀਬੱਧ ਕੀਤਾ ਗਿਆ ਹੈ। ਲੂਵਰ ਮਿਊਜ਼ੀਅਮ ਵਿਚ ਪਿਛਲੇ ਸਾਲ ਨੌਂ ਮਿਲੀਅਨ ਸੈਲਾਨੀ ਆਏ ਸਨ। ਏ ਐੱਨ ਆਈ