ਅਤਿਵਾਦੀਆਂ ਨਾਲ ਮੁਕਾਬਲੇ ਵਿਚ ਜੇਸੀਓ ਸ਼ਹੀਦ; ਕਿਸ਼ਤਵਾੜ ਵਿਚ 2 ਅਤਿਵਾਦੀ ਢੇਰ
Army JCO killed in encounter along LoC in Akhnoor; 2 terrorists gunned down in Kishtwar
ਜੰਮੂ, 12 ਅਪਰੈਲ
ਫੌਜ ਅਤੇ ਅਤਿਵਾਦੀਆਂ ਵਿਚਕਾਰ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿਚ ਫੌਜ ਦਾ ਜੂਨੀਅਰ ਕਮਿਸ਼ਨਡ ਅਫ਼ਸਰ ਸ਼ਹੀਦ ਹੋ ਗਿਆ ਅਤੇ ਦੋ ਅਤਿਵਾਦੀ ਢੇਰ ਕੀਤੇ ਗਏ ਹਨ।
ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਖਨੂਰ ਸੈਕਟਰ ਵਿਚ ਕੰਟਰੋਲ ਰੇਖਾ (ਐਲਓਸੀ) ’ਤੇ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦਾ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸ਼ਹੀਦ ਹੋ ਗਿਆ, ਪਰ ਉਨ੍ਹਾਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫੌਜ ਦੇ ਜਵਾਨਾਂ ਨੇ ਸ਼ੁੱਕਰਵਾਰ ਦੇਰ ਰਾਤ ਕੇਰੀ ਭੱਟਲ ਖੇਤਰ ਵਿੱਚ ਜੰਗਲ ਦੀ ਇਕ ਨਦੀ ਦੇ ਨੇੜੇ ਭਾਰੀ ਹਥਿਆਰਬੰਦ ਅਤਿਵਾਦੀਆਂ ਦੇ ਇਕ ਸਮੂਹ ਦੀ ਗਤੀਵਿਧੀ ਦੇਖਦਿਆਂ ਚੁਣੋਤੀ ਦਿੱਤੀ, ਜਿਸ ਕਾਰਨ ਭਿਆਨਕ ਗੋਲੀਬਾਰੀ ਹੋਈ ਅਤੇ ਦੇਰ ਤੱਕ ਜਾਰੀ ਰਹੀ। ਇਸ ਦੌਰਾਨ ਮੁਕਾਬਲੇ ਵਿਚ ਇਕ ਜੇਸੀਓ ਗੰਭੀਰ ਜ਼ਖਮੀ ਹੋਣ ਕਾਰਨ ਸ਼ਹੀਦ ਹੋ ਗਿਆ। ਆਖਰੀ ਰਿਪੋਰਟਾਂ ਮਿਲਣ ਤੱਕ ਤਲਾਸ਼ੀ ਮੁਹਿੰਮ ਚੱਲ ਰਹੀ ਸੀ।
ਇਕ ਹੋਰ ਮੁਕਾਬਲੇ ਸਬੰਧੀ ਫੌਜੀ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਬਰਫ਼ ਨਾਲ ਘਿਰੇ ਖੇਤਰ ਵਿਚ ਜਾਰੀ ਆਪਰੇਸ਼ਨ ਵਿਚ ਦੋ ਅਤਿਵਾਦੀ ਮਾਰੇ ਗਏ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ (JeM) ਸੰਗਠਨ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਵਿਚ ਇਕ ਚੋਟੀ ਦਾ ਕਮਾਂਡਰ ਸੈਫੁੱਲਾ ਸ਼ਾਮਲ ਸੀ। -ਪੀਟੀਆਈ

