ਜਪਾਨ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲਣ ਦੀ ਸੰਭਾਵਨਾ
ਜਪਾਨ ਦੀ ਸੱਤਾਧਾਰੀ ਪਾਰਟੀ ਨੇ ਅੱਜ ਸਾਬਕਾ ਆਰਥਿਕ ਸੁਰੱਖਿਆ ਮੰਤਰੀ ਸਨਾਏ ਤਕਾਇਚੀ ਨੂੰ ਆਪਣੀ ਆਗੂ ਚੁਣ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਵਧ ਗਈ ਹੈ। ਲਿਬਰਲ ਡੈਮੋਕਰੈਟਿਕ ਪਾਰਟੀ (ਐੱਲ ਡੀ ਪੀ) ਵੱਲੋਂ ਕਰਵਾਈ ਅੰਦਰੂਨੀ ਪਾਰਟੀ ਵੋਟਿੰਗ ਵਿੱਚ ਤਕਾਇਚੀ ਨੇ ਖੇਤੀਬਾੜੀ ਮੰਤਰੀ ਸ਼ਿੰਜੀਰੋ ਕੋਇਜ਼ੁਮੀ ਨੂੰ ਹਰਾਇਆ। ਕੋਇਜ਼ੁਮੀ ਸਾਬਕਾ ਪ੍ਰਧਾਨ ਮੰਤਰੀ ਜੂਨੀਚਿਰੋ ਕੋਇਜ਼ੁਮੀ ਦੇ ਪੁੱਤਰ ਹਨ। ਜਪਾਨ ਅਜਿਹਾ ਦੇਸ਼ ਹੈ ਜਿਸ ਦੀ ਲਿੰਗ ਬਰਾਬਰਤਾ ਦੇ ਮਾਮਲੇ ਵਿੱਚ ਕੌਮਾਂਤਰੀ ਪੱਧਰ ’ਤੇ ਸਥਿਤੀ ਖ਼ਰਾਬ ਹੈ। ਤਕਾਇਚੀ ਨੇ ਜਪਾਨ ਦੀ ਲੰਬੇ ਸਮੇਂ ਤੋਂ ਸੱਤਾਧਾਰੀ ਕੰਜਰਵੇਟਿਵ ਐੱਲ ਡੀ ਪੀ ਦੀ ਪਹਿਲੀ ਮਹਿਲਾ ਨੇਤਾ ਬਣ ਕੇ ਇਤਿਹਾਸ ਸਿਰਜਿਆ ਹੈ। ਉਹ ਮਰਦ ਪ੍ਰਧਾਨ ਪਾਰਟੀ ਦੀ ਸਭ ਤੋਂ ਕੰਜਰਵੇਟਿਵ ਮੈਂਬਰਾਂ ਵਿੱਚੋਂ ਇੱਕ ਹੈ। ਤਕਾਇਚੀ ਨੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਦੀ ਥਾਂ ਲਈ ਹੈ। ਪਾਰਟੀ ਨੂੰ ਉਮੀਦ ਹੈ ਕਿ ਉਹ ਚੋਣਾਂ ਵਿੱਚ ਵੱਡੀ ਹਾਰ ਮਗਰੋਂ ਲੋਕਾਂ ਦਾ ਸਮਰਥਨ ਹਾਸਲ ਕਰੇਗੀ ਅਤੇ ਸੱਤਾ ਵਿੱਚ ਬਰਕਰਾਰ ਰਹੇਗੀ। ਉਨ੍ਹਾਂ ਦੇ ਜਪਾਨ ਦੀ ਅਗਲੀ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਕਿਉਂਕਿ ਹੇਠਲੇ ਸਦਨ ਜੋ ਦੇਸ਼ ਦਾ ਨੇਤਾ ਤੈਅ ਕਰਦਾ ਹੈ, ਵਿੱਚ ਐੱਲ ਡੀ ਪੀ ਹੁਣ ਤੱਕ ਸਭ ਤੋਂ ਵੱਡੀ ਪਾਰਟੀ ਹੈ ਅਤੇ ਵਿਰੋਧੀ ਧਿਰ ਵੀ ਖਿੰਡੀ ਹੋਈ ਹੈ। ਐੱਲ ਡੀ ਪੀ ਪਿਛਲੇ ਸਾਲ ਸੰਸਦੀ ਚੋਣਾਂ ਵਿੱਚ ਲਗਾਤਾਰ ਹਾਰ ਕਾਰਨ ਦੋਵਾਂ ਸਦਨਾਂ ਵਿੱਚ ਘੱਟ ਗਿਣਤੀ ਵਿੱਚ ਆ ਗਈ ਹੈ।