ਜੰਮੂ-ਕਸ਼ਮੀਰ: ਢਿੱਗਾਂ ਡਿੱਗਣ ਕਾਰਨ ਐੱਸਡੀਐੱਮ ਅਤੇ ਉਸਦੇ ਪੁੱਤਰ ਦੀ ਮੌਤ; 6 ਜ਼ਖਮੀ
ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਧਰਮਾਰੀ ਵਿੱਚ 1 ਅਗਸਤ ਨੂੰ ਢਿੱਗਾਂ ਡਿੱਗਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ 2011-ਬੈਚ ਦੇ ਜੇਕੇਏਐਸ ਅਧਿਕਾਰੀ ਐਸਡੀਐਮ ਰਾਮਨਗਰ ਰਜਿੰਦਰ ਸਿੰਘ ਅਤੇ ਉਨ੍ਹਾਂ ਦੇ ਛੋਟੇ ਪੁੱਤਰ ਦੀ ਮੌਤ ਹੋ ਗਈ, ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ ਹਨ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਦੇ ਦਫ਼ਤਰ ਨੇ ਇਸ ਦੁਖਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਐੱਸਐੱਸਪੀ ਰਿਆਸੀ ਪਰਮਵੀਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਦੋਂ ਉਹ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨਾਲ ਗੱਡੀ ਵਿੱਚ ਧਰਮਾਰੀ ਤੋਂ ਆਪਣੇ ਜੱਦੀ ਪਿੰਡ ਪੱਤੀਆਂ ਪਰਤ ਰਹੇ ਸਨ ਤਾਂ ਸਲੂਖ ਇਖਤਰ ਨਾਲਾ ਖੇਤਰ ਵਿੱਚ ਪਹੁੰਚਣ ’ਤੇ ਅਚਾਨਕ ਢਿੱਗਾਂ ਡਿੱਗ ਪਈਆਂ, ਜਿਸ ਕਾਰਨ ਭਾਰੀ ਮਲਬਾ ਉਨ੍ਹਾਂ ਦੀ ਗੱਡੀ ’ਤੇ ਆ ਡਿੱਗਿਆ।
ਰਜਿੰਦਰ ਸਿੰਘ ਦੇ ਪੁੱਤਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਪਤਨੀ ਅਤੇ ਦੋ ਚਚੇਰੇ ਭਰਾ ਗੰਭੀਰ ਜ਼ਖਮੀ ਹੋ ਗਏ ਹਨ। ਸਥਾਨਕ ਲੋਕਾਂ ਅਤੇ ਪੁਲੀਸ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਅਤੇ ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਸ਼ੁਰੂਆਤੀ ਇਲਾਜ ਤੋਂ ਬਾਅਦ ਗੰਭੀਰ ਜ਼ਖਮੀਆਂ ਨੂੰ ਰਿਆਸੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।