Jalgaon train accident: ਹੁਣ ਤੱਕ ਚਾਰ ਨੇਪਾਲੀ ਨਾਗਰਿਕਾਂ ਸਮੇਤ 13 ਦੀ ਮੌਤ ਹੋ ਗਈ ਹੈ, ਜਾਣੋ ਕਿਉਂ ਵਾਪਰਿਆ ਭਿਆਨਕ ਹਾਦਸਾ
ਨਵੀਂ ਦਿੱਲੀ, 23 ਜਨਵਰੀ
ਬੁੱਧਵਰ ਦੀ ਸ਼ਾਮ ਵਾਪਰੇ ਮਹਾਰਾਸ਼ਟਰ ’ਚ ਜਲਗਾਓਂ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧਕੇ 13 ਹੋ ਗਈ ਹੈ, ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ’ਚ ਚਾਰ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ। ਲਖਨਊ-ਮੁੰਬਈ ਪੁਸ਼ਪਕ ਐਕਸਪ੍ਰੈਸ ਰੇਲਗੱਡੀ ਵਿੱਚ ਅੱਗ ਲੱਗਣ ਦੀ ਅਫਵਾਹ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ, ਜਿਨ੍ਹਾਂ ਵਿੱਚੋਂ ਕਈਆਂ ਨੇ ਛਾਲ ਮਾਰ ਦਿੱਤੀ ਅਤੇ ਇੱਕ ਹੋਰ ਵਿਅਕਤੀ ਦੂਜੀ ਲੀਹ ’ਤੇ ਆਉਣ ਵਾਲੀ ਰੇਲਗੱਡੀ ਨਾਲ ਕੁਚਲਿਆ ਗਿਆ।
ਕਲੈਕਟਰ ਅਤੇ ਜ਼ਿਲ੍ਹਾ ਮੈਜਿਸਟ੍ਰੇਟ, ਜਲਗਾਓਂ ਦੇ ਦਫਤਰ ਵੱਲੋਂ ਪੇਸ਼ ਮਹਾਰਾਸ਼ਟਰ ਸਰਕਾਰ ਦੀ ਰਿਪੋਰਟ ਦੇ ਅਨੁਸਾਰ, ਇਹ ਹਾਦਸਾ ਸ਼ਾਮ 5:05 ਵਜੇ ਦੇ ਕਰੀਬ ਵਾਪਰਿਆ। ਮੁੱਢਲੀ ਰਿਪੋਰਟ ਅਨੁਸਾਰ ਕੁੱਲ ਮਰਨ ਵਾਲਿਆਂ ਦੀ ਗਿਣਤੀ 13 ਹੈ ਅਤੇ ਜ਼ਖ਼ਮੀਆਂ ਦੀ ਗਿਣਤੀ 10 ਹੈ।
ਮ੍ਰਿਤਕਾਂ ਵਿੱਚ ਚਾਰ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ 13 ਮਰਨ ਵਾਲਿਆਂ ਵਿੱਚੋਂ ਸੱਤ ਲੋਕਾਂ ਦੀ ਪਛਾਣ ਹੋ ਗਈ ਹੈ ਜਦਕਿ ਛੇ ਬਾਰੇ ਕੋਈ ਜਾਣਕਾਰੀ ਨਹੀਂ ਹੈ, ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸਨ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਮੁੰਬਈ ਤੋਂ 400 ਕਿਲੋਮੀਟਰ ਦੂਰ ਪਚੋਰਾ ਨੇੜੇ ਮਹੇਜੀ ਅਤੇ ਪਰਧਾਦੇ ਸਟੇਸ਼ਨਾਂ ਵਿਚਕਾਰ ਵਾਪਰਿਆ, ਜਿੱਥੇ ਲਖਨਊ ਤੋਂ ਮੁੰਬਈ ਵਿਚਾਲੇ ਚੱਲਣ ਵਾਲੀ ਰੇਲਗੱਡੀ ਅਚਾਨਕ ਅੱਗ ਲੱਗਣ ਦੀ ਅਫਵਾਹ ਕਾਰਨ ਕੁਝ ਯਾਤਰੀਆਂ ਦੇ ਚੇਨ ਖਿੱਚਣ ਤੋਂ ਬਾਅਦ ਰੁਕ ਗਈ। ਪੁਸ਼ਪਕ ਐਕਸਪ੍ਰੈਸ ਦੇ ਕੁਝ ਯਾਤਰੀ ਹੇਠਾਂ ਉਤਰ ਗਏ ਅਤੇ ਬੇਂਗਲੁਰੂ ਤੋਂ ਦਿੱਲੀ ਜਾ ਰਹੀ ਕਰਨਾਟਕ ਐਕਸਪ੍ਰੈਸ ਨਾਲ ਟਕਰਾ ਗਏ।
ਕਿਉਂ ਵਾਪਰਿਆ ਹਾਦਸਾ
ਹੁਣ ਤੱਕ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਸ਼ਪਕ ਐਕਸਪ੍ਰੈਸ ਦੇ ਇੱਕ ਡੱਬੇ ਦੇ ਅੰਦਰ 'ਹੌਟ ਐਕਸਲ' ਜਾਂ 'ਬ੍ਰੇਕ-ਬਾਈਡਿੰਗ' (ਜੈਮਿੰਗ) ਕਾਰਨ ਚੰਗਿਆੜੀਆਂ ਨਿਕਲੀਆਂ ਅਤੇ ਕੁਝ ਯਾਤਰੀ ਘਬਰਾ ਗਏ। ਉਨ੍ਹਾਂ ਨੇ ਚੇਨ ਖਿੱਚ ਲਈ ਅਤੇ ਕੁਝ ਨੇ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ਉਸੇ ਸਮੇਂ ਕਰਨਾਟਕ ਐਕਸਪ੍ਰੈਸ ਵੀ ਨਾਲ ਲੱਗਦੇ ਟ੍ਰੈਕ ਤੋਂ ਲੰਘ ਰਹੀ ਸੀ। ਹਾਦਸੇ ਤੋਂ ਬਾਅਦ ਦੁਖਦਾਈ ਤਸਵੀਰਾਂ ਵਿਚ ਪਟੜੀਆਂ ’ਤੇ ਲਾਸ਼ਾਂ ਪਈਆਂ ਅਤੇ ਕੁਝ ਲੋਕ ਖੂਨ ਨਾਲ ਲੱਥਪੱਥ ਘੁੰਮਦੇ ਦਿਖਾਈ ਦਿੱਤੇ।
ਪ੍ਰਧਾਨ ਮੰਤਰੀ ਨੇ ਦੁੱਖ ਸਾਂਝਾ ਕੀਤਾ, ਮੁਆਵਜ਼ੇ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਉਂਟਿਆਂ ਕਿਹਾ, ‘‘ਜਲਗਾਓਂ ਵਿੱਚ ਰੇਲ ਪਟੜੀਆਂ ’ਤੇ ਹੋਏ ਦਰਦਨਾਕ ਹਾਦਸੇ ਤੋਂ ਦੁਖੀ ਹਾਂ। ਮੈਂ ਦੁਖੀ ਪਰਿਵਾਰਾਂ ਦੇ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਸਾਰੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। ਅਧਿਕਾਰੀ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ।’’
ਰੇਲ ਮੰਤਰਾਲਾ ਨੇ ਪੀੜਤਾਂ ਦੇ ਪਰਿਵਾਰਾਂ ਲਈ ਡੇਢ-ਡੇਢ ਲੱਖ ਰੁਪਏ, ਗੰਭੀਰ ਜ਼ਖਮੀਆਂ ਲਈ 50,000 ਰੁਪਏ ਅਤੇ ਮਾਮੂਲੀ ਜ਼ਖਮੀਆਂ ਲਈ 5,000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
.
ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਵਿੱਚ ਮੌਜੂਦ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦੁਖਾਂਤ ਜਾਨਾਂ ਗੁਆਉਣ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਆਈਏਐੱਨਐੱਸ