DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲੰਧਰ ਪੱਛਮੀ ਉਪ ਚੋਣ: ਦਲ-ਬਲਦਲੂਆਂ ’ਤੇ ਜਤਾਇਆ ਭਰੋਸਾ

ਆਪ ਅਤੇ ਭਾਜਪਾ ਵੱਲੋਂ ਉਮੀਦਵਾਰਾਂ ਦਾ ਐਲਾਨ
  • fb
  • twitter
  • whatsapp
  • whatsapp
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 17 ਜੂਨ

Advertisement

ਜਲੰਧਰ ਪੱਛਮੀ ਵਿਧਾਨ ਸਭਾ ਸੀਟ 'ਤੇ ਉਪ ਚੋਣ ਲੜਨ ਲਈ 'ਆਪ' ਅਤੇ 'ਭਾਜਪਾ' ਨੇ ਦਲ ਬਦਲੀਆਂ ਕਰ ਕੇ ਆਏ ਉਮੀਦਵਾਰਾਂ ਤੇ ਭਰੋਸਾ ਜਤਾਇਆ ਹੈ। ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਅਤੇ ਭਾਰਤੀ ਜਨਤਾ ਪਾਰਟੀ ਨੇ ਸ਼ੀਤਲ ਅੰਗੁਰਾਲ ਨੂੰ ਕ੍ਰਮਵਾਰ ਆਪੋ-ਆਪਣੇ ਉਮੀਦਵਾਰ ਐਲਾਨਿਆ ਹੈ।

ਜ਼ਿਕਰਯੋਗ ਹੈ ਕਿ ਸ਼ੀਤਲ ਅੰਗੁਰਾਲ ਨੇ ਭਾਜਪਾ ਵਿੱਚ ਸ਼ਾਮਲ ਹੋਣ ਉਪਰੰਤ 28 ਮਾਰਚ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਸੀ ਜੋ ਕਿ ਸਪੀਕਰ ਵੱਲੋਂ 30 ਮਈ ਨੂੰ ਪਰਵਾਨ ਕਰ ਲਿਆ ਗਿਆ ਸੀੇ। ਉੱਧਰ ਅਕਾਲੀ ਭਾਜਪਾ ਗੱਠਜੋੜ ਦੌਰਾਨ ਮੰਤਰੀ ਰਹੇ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੇ ਪਿਛਲੇ ਵਰ੍ਹੇ ਭਾਜਪਾ ਛੱਡ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਹੋ ਉਮੀਦਵਾਰ ਹੁਣ ਤੋਂ ਉਲਟ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਵਿਰੋਧੀ ਉਮੀਦਵਾਰ ਸਨ। ਸ਼ੀਤਲ ਅੰਗੁਰਾਲ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਦਰਜ ਕਰਦਿਆਂ 39,213 ਵੋਟਾਂ ਹਾਸਲ ਕੀਤੀਆਂ ਸਨ। ਉੱਧਰ ਮਹਿੰਦਰ ਭਗਤ ਭਾਜਪਾ ਤਰਫ਼ੋਂ ਉਮੀਦਵਾਰ ਸਨ ਜਿਨ੍ਹਾਂ ਨੂੰ 33,486 ਵੋਟਾਂ ਪਈਆਂ ਸਨ।

ਇਸ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਕਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਹੱਥਾਂ ਵਿਚ ਲਈ ਹੈ। ਖ਼ਬਰਾਂ ਹਨ ਕਿ ਮੁੱਖ ਮੰਤਰੀ ਹਫ਼ਤੇ ਵਿਚ ਤਿੰਨ ਦਿਨ ਜਲੰਧਰ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਰਹਿ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਰਨਗੇ। ਹਾਲ ਹੀ ਵਿੱਚ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿੱਚ ‘ਆਪ’ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਿਰਫ਼ 15,629 ਵੋਟਾਂ ਮਿਲੀਆਂ ਸਨ ਜਦ ਕਿ ਕਾਂਗਰਸ ਨੂੰ 44,394 ਅਤੇ ਭਾਜਪਾ ਨੂੰ 42,837 ਵੋਟਾਂ ਮਿਲੀਆਂ ਸਨ।

ਜਲੰਧਰ ਪੱਛਮੀ ਸੀਟ ਲਈ ਨਾਮਜ਼ਦਗੀਆਂ ਭਰਨ ਦਾ ਅਮਲ 14 ਜੂਨ ਨੂੰ ਸ਼ੁਰੂ ਹੋ ਗਿਆ ਸੀ, ਜਦਕਿ 21 ਜੁਲਾਈ ਨਾਮਜ਼ਦਗੀ ਭਰਨ ਦੀ ਆਖ਼ਰੀ ਤਾਰੀਖ਼ ਹੈ। ਨਾਮਜ਼ਦਗੀਆਂ ਦੀ ਪੜਤਾਲ 24 ਜੂਨ ਨੂੰ ਹੋਵੇਗੀ ਅਤੇ 26 ਜੂਨ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ। ਜ਼ਿਮਨੀ ਚੋਣ ਲਈ ਪੋਲਿੰਗ 10 ਜੁਲਾਈ ਨੂੰ ਹੋਵੇਗੀ ਅਤੇ ਨਤੀਜਾ 13 ਜੁਲਾਈ ਨੂੰ ਐਲਾਨਿਆ ਜਾਵੇਗਾ। ਮੁੱਖ ਚੋਣ ਦਫ਼ਤਰ ਅਨੁਸਾਰ 17 ਜੂਨ ਤੱਕ ਕੋਈ ਵੀ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤਾ ਗਿਆ। ਨਾਮਜ਼ਦਗੀਆਂ ਭਰਨ ਦੇ ਹੁਣ ਚਾਰ ਦਿਨ ਬਾਕੀ ਹਨ। ਹੁਣ ਤੱਕ 2 ਪਾਰਟੀਆਂ ਨੇ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਉਪ ਚੋਣ ਲਈ ਉਮੀਦਵਾਰ ਐਲਾਨੇ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਹੋਰਨਾਂ ਪਾਰਟੀਆਂ ਵੱਲੋਂ ਹਾਲ ਪੱਤੇ ਨਹੀਂ ਖੋਲ੍ਹੇ ਗਏ ਹਨ।

Advertisement
×