ਜੈਸ਼ੰਕਰ ਵੱਲੋਂ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ
ਇਹ ਮੀਟਿੰਗ ਲੋਟੇ ਨਿਊਯਾਰਕ ਪੈਲੇਸ ’ਚ ਹੋਈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਰੂਸੀ ਤੇਲ ਦੀ ਖਰੀਦ ਲਈ ਵਾਧੂ 25 ਫੀਸਦ ਟੈਕਸ ਲਾਉਣ ਤੋਂ ਬਾਅਦ ਇਨ੍ਹਾਂ ਆਗੂਆਂ ਵਿਚਾਲੇ ਇਹ ਪਹਿਲੀ ਆਹਮੋ-ਸਾਹਮਣੇ ਗੱਲਬਾਤ ਹੈ। ਅਮਰੀਕਾ ਵੱਲੋਂ ਵਾਧੂ 25 ਫੀਸਦ ਟੈਕਸ ਲਾਏ ਜਾਣ ਮਗਰੋਂ ਭਾਰਤ ’ਤੇ ਕੁੱਲ ਟੈਕਸ 50 ਫੀਸਦ ਹੋ ਗਿਆ ਹੈ। ਇਹ ਦੋਵੇਂ ਆਗੂ ਆਖਰੀ ਵਾਰ ਜੁਲਾਈ ’ਚ ਵਾਸ਼ਿੰਗਟਨ ਡੀਸੀ ’ਚ ਕੁਆਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਮਿਲੇ ਸਨ। ਇਨ੍ਹਾਂ ਆਗੂਆਂ ਦੀ ਮੀਟਿੰਗ ਉਸੇ ਦਿਨ ਹੋ ਰਹੀ ਹੈ ਜਿਸ ਦਿਨ ਭਾਰਤ ਤੇ ਅਮਰੀਕਾ ਦੁਵੱਲੇ ਵਪਾਰ ਸਮਝੌਤੇ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਲਈ ਚਰਚਾ ਕਰਨਗੇ। ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਅਗਵਾਈ ਹੇਠ ਇੱਕ ਵਫ਼ਦ ਅੱਜ ਸ਼ਹਿਰ ’ਚ ਅਮਰੀਕੀ ਧਿਰ ਨਾਲ ਮੁਲਾਕਾਤ ਕਰੇਗਾ। ਵਣਜ ਤੇ ਉਦਯੋਗ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ, ‘ਵਫ਼ਦ ਦੁਵੱਲੇ ਤੌਰ ’ਤੇ ਲਾਹੇਵੰਦ ਸਮਝੌਤੇ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਚਰਚਾ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।’ ਉੱਚ ਪੱਧਰੀ ਯੂ ਐੱਨ ਜੀ ਏ ਦੇ ਸੈਸ਼ਨ ਲਈ ਬੀਤੇ ਦਿਨ ਨਿਊਯਾਰਕ ਪੁੱਜੇ ਜੈਸ਼ੰਕਰ ਸੈਸ਼ਨ ਦੌਰਾਨ ਕਈ ਦੁਵੱਲੀਆਂ ਤੇ ਬਹੁ-ਪੱਖੀ ਮੀਟਿੰਗਾਂ ਕਰਨਗੇ ਅਤੇ 27 ਸਤੰਬਰ ਨੂੰ ਯੂ ਐੱਨ ਜੀ ਏ ਮੰਚ ਤੋਂ ਸੈਸ਼ਨ ਨੂੰ ਸੰਬੋਧਨ ਕਰਨਗੇ।
ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ 16 ਸਤੰਬਰ ਨੂੰ ਅਮਰੀਕੀ ਵਪਾਰ ਪ੍ਰਤੀਨਿਧ ਦਫ਼ਤਰ ਦੇ ਅਧਿਕਾਰੀਆਂ ਦੀ ਭਾਰਤ ਯਾਤਰਾ ਦੌਰਾਨ ਵਪਾਰ ਸਮਝੌਤੇ ਦੇ ਵੱਖ ਵੱਖ ਪੱਖਾਂ ’ਤੇ ਸਕਾਰਾਤਮਕ ਚਰਚਾ ਹੋਈ ਸੀ ਅਤੇ ਇਸ ਸਬੰਧ ’ਚ ਕੋਸ਼ਿਸ਼ਾਂ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ ਸੀ।
ਜੈਸ਼ੰਕਰ ਵੱਲੋਂ ਫਿਲਪੀਨਜ਼ ਦੀ ਵਿਦੇਸ਼ ਮੰਤਰੀ ਲਾਜ਼ਾਰੋ ਨਾਲ ਮੁਲਾਕਾਤ
ਨਿਊਯਾਰਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇੱਥੇ ਫਿਲਪੀਨਜ਼ ਦੀ ਵਿਦੇਸ਼ ਮੰਤਰੀ ਟੈੱਸ ਲਜ਼ਾਰੋ ਨਾਲ ਮੁਲਾਕਾਤ ਕਰਦਿਆਂ ਸੰਯੁਕਤ ਰਾਸ਼ਟਰ ਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦੁਵੱਲੇ ਸਹਿਯੋਗ ਬਾਰੇ ਵਿਚਾਰ-ਚਰਚਾ ਕੀਤੀ। ਸੰਯੁਕਤ ਰਾਸ਼ਟਰ ਮਹਾਸਭਾ (ਯੂ ਐੱਨ ਜੀ ਏ) ਦੀ ਉੱਚ-ਪੱਧਰੀ ਮੀਟਿੰਗ ਲਈ ਐਤਵਾਰ ਨੂੰ ਨਿਊਯਾਰਕ ਪਹੁੰਚੇ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੂੰ ਯੂ ਐੱਨ ਜੀ ਏ ਦੌਰਾਨ ਲਜ਼ਾਰੋ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘ਅਸੀਂ ਫਿਲਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਦੀ ਹਾਲੀਆ ਭਾਰਤ ਦੀ ਫੇਰੀ ਬਾਰੇ ਚਰਚਾ ਕੀਤੀ। ਅਸੀਂ ਸੰਯੁਕਤ ਰਾਸ਼ਟਰ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦੁਵੱਲੇ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ।’ ਲਜ਼ਾਰੋ ਨੇ ਕਿਹਾ ਕਿ ਜੈਸ਼ੰਕਰ ਨਾਲ ਉਨ੍ਹਾਂ ਦੀ ਚਰਚਾ ਰਣਨੀਤਕ ਭਾਈਵਾਲ ਵਜੋਂ ਰਾਜਨੀਤਿਕ, ਰੱਖਿਆ ਅਤੇ ਸੁਰੱਖਿਆ, ਸਮੁੰਦਰੀ ਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਫਿਲਪੀਨਜ਼ ਦੇ ਰਾਸ਼ਟਰਪਤੀ ਮਾਰਕੋਸ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਰੱਖਿਆ, ਵਪਾਰ, ਨਿਵੇਸ਼, ਖੇਤੀਬਾੜੀ, ਸੈਰ-ਸਪਾਟਾ ਅਤੇ ਫਾਰਮਾਸਿਊਟੀਕਲ ਉਦਯੋਗ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਕੀਤੀ ਸੀ। -ਪੀਟੀਆਈ