ਜੈਸ਼ੰਕਰ ਵੱਲੋਂ ਕੈਨੇਡਿਆਈ ਹਮਰੁਤਬਾ ਨਾਲ ਮੁਲਾਕਾਤ
ਭਾਰਤ-ਕੈਨੇਡਾ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਅਤੇ ਵਪਾਰ ਤੇ ਸੁਰੱਖਿਆ ਬਾਰੇ ਚਰਚਾ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਨਿਆਗਰਾ ਵਿੱਚ ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਵੱਖਰੇ ਤੌਰ ’ਤੇ ਕੈਨੇਡਿਆਈ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੀ ਭਾਈਵਾਲੀ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ।
ਜੈਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਅਨੀਤਾ ਆਨੰਦ ਨੂੰ ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰਨ ਲਈ ਵਧਾਈ ਦਿੱਤੀ ਅਤੇ ‘ਨਵਾਂ ਰੋਡਮੈਪ-2025’ ਲਾਗੂ ਕਰਨ ’ਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਆਪਣੀ ਦੁਵੱਲੀ ਭਾਈਵਾਲੀ ਹੋਰ ਮਜ਼ਬੂਤ ਹੋਣ ਦੀ ਉਮੀਦ ਕਰਦੇ ਹਾਂ।’’ ਅਨੀਤਾ ਆਨੰਦ ਨੇ ‘ਐਕਸ’ ਉੱਤੇ ਪੋਸਟ ਵਿੱਚ ਕਿਹਾ ਕਿ ਦੋਵਾਂ ਆਗੂਆਂ ਨੇ ‘ਵਪਾਰ, ਊਰਜਾ, ਸੁਰੱਖਿਆ ਤੇ ਲੋਕਾਂ ਵਿਚਾਲੇ ਪਰਸਪਰ ਸਬੰਧਾਂ’ ਉੱਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ, ‘‘ਜੀ-7 ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਵਿਦੇਸ਼ ਮੰਤਰੀ ਦੀ ਸ਼ਮੂਲੀਅਤ ਆਲਮੀ ਚੁਣੌਤੀਆਂ ਹੱਲ ਕਰਨ ਤੇ ਕੌਮਾਂਤਰੀ ਪਲੈਟਫਾਰਮਾਂ ’ਤੇ ‘ਗਲੋਬਲ ਸਾਊਥ’ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਕੌਮਾਂਤਰੀ ਭਾਈਵਾਲਾਂ ਨਾਲ ਕੰਮ ਕਰਨ ਲਈ ਭਾਰਤ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ।’’ ਕੈਨੇਡਾ ਨੇ ਮੀਟਿੰਗ ਲਈ ਜਿਨ੍ਹਾਂ ਮੁਲਕਾਂ ਨੂੰ ਸੱਦਾ ਦਿੱਤਾ ਹੈ, ਉਨ੍ਹਾਂ ਵਿੱਚ ਆਸਟਰੇਲੀਆ, ਬ੍ਰਾਜ਼ੀਲ, ਭਾਰਤ, ਸਾਊਦੀ ਅਰਬ, ਮੈਕਸਿਕੋ, ਦੱਖਣੀ ਕੋਰੀਆ, ਦੱਖਣੀ ਅਫਰੀਕਾ ਤੇ ਯੂਕਰੇਨ ਸ਼ਾਮਲ ਹਨ। ਕੈਨੇਡਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੀ-7 ਸੰਮੇਲਨ ’ਚ ਸਮੁੰਦਰੀ ਸੁਰੱਖਿਆ ਅਤੇ ਖੁਸ਼ਹਾਲੀ, ਆਰਥਿਕ ਲਚੀਲੇਪਣ, ਊਰਜਾ ਸੁਰੱਖਿਆ ਤੇ ਅਹਿਮ ਖਣਿਜਾਂ ਸਣੇ ਆਲਮੀ ਆਰਥਿਕ ਤੇ ਸੁਰੱਖਿਆ ਚੁਣੌਤੀਆਂ ’ਤੇ ਚਰਚਾ ਕੀਤੀ ਜਾਵੇਗੀ।

