ਜੈਸ਼ੰਕਰ ਤੇ ਰੂਬੀਓ ਵਿਚਾਲੇ ਭਾਰਤ-ਅਮਰੀਕਾ ਰਿਸ਼ਤਿਆਂ ਤੇ ਆਲਮੀ ਮੁੱਦਿਆਂ ’ਤੇ ਚਰਚਾ
ASEAN Summit: ਅਮਰੀਕਾ ਤੇ ਭਾਰਤ ਦਰਮਿਆਨ ਜਾਰੀ ਵਪਾਰ ਵਾਰਤਾ ਦਰਮਿਆਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਸੋਮਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਦੇ ਨਾਲ ਨਾਲ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਚਰਚਾ ਕੀਤੀ।
ਇਹ ਬੈਠਕ ਦੱਖਣੀ ਪੂਰਬੀ ਏਸ਼ਿਆਈ ਰਾਸ਼ਟਰਰ ਸੰਘ ਸਿਖਰ (ASEAN Summit) ਸੰਮੇਲਨ ਤੋਂ ਇਕਪਾਸੇ ਹੋਈ। ਜੈਸ਼ੰਕਰ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਲਿਖਿਆ, ‘‘ਕੁਆਲਾਲੰਪੁਰ ਵਿਚ ਅੱਜ ਸਵੇਰੇ ਵਿਦੇਸ਼ ਮੰਤਰੀ ਰੂਬੀਓ ਨਾਲ ਮਿਲ ਕੇ ਖ਼ੁਸ਼ੀ ਹੋਈ। ਸਾਡੇ ਦੁਵੱਲੇ ਰਿਸ਼ਤਿਆਂ ਦੇ ਨਾਲ ਨਾਲ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਹੋਈ ਚਰਚਾ ਦੀ ਸ਼ਲਾਘਾ ਕੀਤੀ।’’
ਇਹ ਬੈਠਕ ਭਾਰਤ ਤੇ ਅਮਰੀਕਾ ਦਰਮਿਆਨ ਤਜਵੀਜ਼ਤ ਦੁਵੱਲੇ ਵਪਾਰ ਸਮਝੌਤੇ ਦੇ ਪਿਛੋਕੜ ਵਿਚ ਹੋਈ, ਜੋ ਇਕ ਅਧਿਕਾਰੀ ਮੁਤਾਬਕ ‘ਬਹੁਤ ਜਲਦੀ ਸਿਰੇ ਚੜ੍ਹਨ ਵਾਲਾ’ ਹੈ। ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਲਈ ਹੁਣ ਤੱਕ ਪੰਜ ਗੇੜ ਦੀ ਗੱਲਬਾਤ ਪੂਰੀ ਹੋ ਚੁੱਕੀ ਹੈ।
ਜੈਸ਼ੰਕਰ ਨੇ ਲੰਘੇ ਦਿਨ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ, ਸਿੰਗਾਪੁਰ ਦੇ ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨਨ ਤੇ ਥਾਈਲੈਂਡ ਦੇ ਵਿਦੇਸ਼ ਮੰਤਰੀ ਸਿਹਾਸਕ ਫੁਆਂਗਕੇਟਕੇਓ ਨਾਲ ਐਤਵਾਰ ਨੂੰ ਵੱਖੋ ਵੱਖਰੀ ਮੁਲਾਕਾਤ ਕੀਤੀ ਸੀ।
ਕੁੱਲ 11 ਮੁਲਕਾਂ ਦੀ ਸ਼ਮੂਲੀਅਤ ਵਾਲੇ ASEAN Summit ਨੂੰ ਇਸ ਖੇਤਰ ਦਾ ਸਭ ਤੋਂ ਪ੍ਰਭਾਵਸ਼ਾਲੀ ਸਮੂਹ ਮੰਨਿਆ ਜਾਂਦਾ ਹੈ ਜਿਸ ਵਿਚ ਭਾਰਤ, ਅਮਰੀਕਾ, ਚੀਨ, ਜਾਪਾਨ ਤੇ ਆਸਟਰੇਲੀਆ ਸਣੇ ਕਈ ਹੋਰ ਮੁਲਕ ਇਸ ਦੇ ਵਾਰਤਾ ਭਾਈਵਾਲ ਹਨ। ਸਮੂਹ ਦੇ ਮੌਜੂਦਾ ਪ੍ਰਧਾਨ ਵਜੋਂ ਮਲੇਸ਼ੀਆ ਕੁਆਲਾਲੰਪੁਰ ਵਿਚ ਸਾਲਾਨਾ ASEAN Summit ਤੇ ਸਬੰਧਤ ਬੈਠਕਾਂ ਦੀ ਮੇਜ਼ਬਾਨੀ ਕਰ ਰਿਹਾ ਹੈ।
