ਅਪਰੇਸ਼ਨ ਸਿੰਧੂਰ ਮਗਰੋਂ ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਹਿਦੀਨ ਨੇ ਆਪਣੇ ਟਿਕਾਣੇ ਬਦਲੇ
ਰੱਖਿਆ ਅਤੇ ਫੌਜੀ ਸਥਾਪਨਾ ਦੇ ਸੂਤਰਾਂ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਮੂਹਾਂ ਵੱਲੋਂ ਟਿਕਾਣੇ ਤਬਦੀਲ ਕਰਨ ਦਾ ਲਿਆ ਗਿਆ ਇਹ ਫ਼ੈਸਲ ਮਹੱਤਵਪੂਰਨ ‘ਰਣਨੀਤਕ ਅਨੁਕੂਲਤਾ’ ਨੂੰ ਦਰਸਾਉਂਦਾ ਹੈ, ਜੋ ਹੁਣ ਮਕਬੂਜ਼ਾ ਕਸ਼ਮੀਰ (PoK) ਨੂੰ ਭਾਰਤੀ ਹਮਲਿਆਂ ਲਈ ਕਮਜ਼ੋਰ ਸਮਝਦੇ ਹਨ।
‘ਅਪਰੇਸ਼ਨ ਸਿੰਧੂਰ’ ਤਹਿਤ ਭਾਰਤ ਨੇ ਬਹਾਵਲਪੁਰ, ਮੁਰੀਦਕੇ, ਮੁਜ਼ੱਫਰਾਬਾਦ ਅਤੇ ਕਈ ਹੋਰ ਥਾਵਾਂ ’ਤੇ ਅਤਿਵਾਦੀ ਕੈਂਪ ਤਬਾਹ ਕਰ ਦਿੱਤੇ ਸੀ।
ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਅਤਿਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ।
ਇਨ੍ਹਾਂ ਹਮਲਿਆਂ ਮਗਰੋਂ ਚਾਰ ਦਿਨ ਤੱਕ ਦੋਵਾਂ ਦੇਸ਼ਾਂ ਵਿਚਾਲੇ ਵਿਆਪਕ ਪੱਧਰ ’ਤੇ ਜੰਗੀ ਮਾਹੌਲ ਬਣਿਆ ਰਿਹਾ ਅਤੇ 10 ਮਈ ਨੂੰ ਫ਼ੌਜੀ ਕਾਰਵਾਈਆਂ ਰੋਕਣ ਦੀ ਸਹਿਮਤੀ ਨਾਲ ਇਹ ਤਣਾਅ ਖਤਮ ਹੋਇਆ।
ਇੱਕ ਸੂਤਰ ਨੇ ਕਿਹਾ, ‘‘ਇਨਪੁਟਸ ਤੋਂ ਪਤਾ ਚੱਲਦਾ ਹੈ ਕਿ ਅਤਿਵਾਦੀ ਸਮੂਹਾਂ ਵੱਲੋਂ ਕੈਂਪ ਤਬਦੀਲ ਕਰਨ ਦੀ ਕਾਰਵਾਈ ਪੂਰੀ ਜਾਗਰੂਕਤਾ ਅਤੇ ਪਾਕਿਸਤਾਨੀ ਸਰਕਾਰ ਦੀ ਸਿੱਧੀ ਦਖ਼ਲਅੰਦਾਜ਼ੀ ਨਾਲ ਕੀਤੀ ਜਾ ਰਹੀ ਹੈ।’’ ਸੂਤਰਾਂ ਨੇ ਹਾਲ ਹੀ ਵਿੱਚ ਪੁਲੀਸ ਸੁਰੱਖਿਆ ਹੇਠ ਪਾਕਿਸਤਾਨ ਵਿੱਚ ਕੁਝ ਥਾਵਾਂ ’ਤੇ ਜੈਸ਼-ਏ-ਮੁਹੰਮਦ ਦੇ ਇਕੱਠਾਂ ਅਤੇ ਜਮੀਅਤ ਉਲੇਮਾ-ਏ-ਇਸਲਾਮ (JUI) ਵਰਗੇ ਸਿਆਸੀ-ਧਾਰਮਿਕ ਸੰਗਠਨਾਂ ਦੀ ‘ਮੌਜੂਦਗੀ’ ਦਾ ਵੀ ਹਵਾਲਾ ਦਿੱਤਾ।
ਇਹ ਵੇਰਵੇ ਕਈ ਭਾਰਤੀ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੀ ਗਈ ਫਾਈਲ ਦਾ ਹਿੱਸਾ ਹਨ।
ਸੂਤਰਾਂ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਖੁਲਾਸਾ ਕੇਪੀਕੇ ਦੇ ਮਾਨਸੇਹਰਾ ਜ਼ਿਲ੍ਹੇ ਦੇ ਗੜ੍ਹੀ ਹਬੀਬੁੱਲਾ ਕਸਬੇ ਵਿੱਚ ਹੋਇਆ, ਜਿੱਥੇ ਜੈਸ਼-ਏ-ਮੁਹੰਮਦ ਨੇ 14 ਸਤੰਬਰ ਨੂੰ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਸ਼ੁਰੂ ਹੋਣ ਤੋਂ ਲਗਭਗ ਸੱਤ ਘੰਟੇ ਪਹਿਲਾਂ ਇੱਕ ਜਨਤਕ ਭਰਤੀ ਮੁਹਿੰਮ ਚਲਾਈ ਸੀ।
ਉਨ੍ਹਾਂ ਕਿਹਾ ਕਿ ਇਹ ਸਮਾਗਮ ਜੈਸ਼-ਏ-ਮੁਹੰਮਦ ਅਤੇ ਜੇਯੂਆਈ ਦੁਆਰਾ ਸਾਂਝੇ ਤੌਰ ’ਤੇ ਕੇਪੀਕੇ ਅਤੇ ਕਸ਼ਮੀਰ ਦੇ ਇੱਕ ਸੀਨੀਅਰ ਜੈਸ਼-ਏ-ਮੁਹੰਮਦ ਨੇਤਾ ਮੁਲਾਨਾ ਮੁਫਤੀ ਮਸੂਦ ਇਲਿਆਸ ਕਸ਼ਮੀਰੀ ਉਰਫ਼ ਅਬੂ ਮੁਹੰਮਦ ਦੀ ਮੌਜੂਦਗੀ ਵਿੱਚ ਇੱਕ ਤਾਲਮੇਲ ਵਾਲੀ ਲਾਮਬੰਦੀ ਦੀ ਕੋਸ਼ਿਸ਼ ਸੀ।
ਇਲਿਆਸ ਕਸ਼ਮੀਰੀ ਭਾਰਤ ਵਿੱਚ ਬਹੁ-ਮੁੱਲਾਂ ਲੋੜੀਂਦਾ ਮੁਲਜ਼ਮ ਹੈ ਅਤੇ ਉਹ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਨਾਲ ਨੇੜਿਓਂ ਜੁੜਿਆ ਹੋਇਆ ਹੈ।
ਸੂਤਰਾਂ ਨੇ ਕਿਹਾ ਕਿ ਐੱਮ4 ਰਾਈਫਲਾਂ ਅਤੇ ਸਥਾਨਕ ਪੁਲੀਸ ਅਧਿਕਾਰੀਆਂ ਨਾਲ ਲੈਸ ਦੋਵੇਂ ਜੈਸ਼-ਏ-ਮੁਹੰਮਦ ਕਾਡਰਾਂ ਦੀ ਪਹਿਰੇਦਾਰੀ ਹੇਠ ਕੀਤੀ ਗਈ ਇੱਕ ਜਨਤਕ ਰੈਲੀ ਵਿੱਚ ਉਸ ਦੀ ਮੌਜੂਦਗੀ ਜੈਸ਼-ਏ-ਮੁਹੰਮਦ ਲਈ ਪਾਕਿਸਤਾਨ ਦੇ ਸਮਰਥਨ ਨੂੰ ਦਰਸਾਉਂਦੀ ਹੈ।