ਇਟਲੀ: ਫਲਸਤੀਨੀਆਂ ਦੀ ਹਮਾਇਤ ’ਚ 20 ਲੱਖ ਲੋਕਾਂ ਵੱਲੋਂ ਰੈਲੀ
ਗਾਜ਼ਾ ’ਚ ਫਲਸਤੀਨੀਆਂ ਅਤੇ ਮਾਨਵੀ ਸਹਾਇਤਾ ਮਿਸ਼ਨਾਂ ਦੀ ਹਮਾਇਤ ’ਚ ਇਟਲੀ ’ਚ ਸ਼ੁੱਕਰਵਾਰ ਨੂੰ 100 ਤੋਂ ਵੱਧ ਸ਼ਹਿਰਾਂ ’ਚ 20 ਲੱਖ ਤੋਂ ਵੱਧ ਲੋਕਾਂ ਨੇ ਰੈਲੀਆਂ ਕੀਤੀਆਂ। ਗਾਜ਼ਾ ’ਚ ਰਾਹਤ ਸਮੱਗਰੀ ਲਿਜਾ ਰਹੇ ਜਹਾਜ਼ ਗਲੋਬਲ ਸੁਮੁਡ ਫਲੋਟਿਲਾ ਨੂੰ ਇਜ਼ਰਾਇਲੀ ਫ਼ੌਜ ਵੱਲੋਂ ਰੋਕੇ ਜਾਣ ਮਗਰੋਂ ਇਤਾਲਵੀ ਯੂਨੀਅਨਾਂ ਨੇ ਸ਼ੁੱਕਰਵਾਰ ਨੂੰ ਮੁਲਕ ’ਚ ਹੜਤਾਲ ਦਾ ਸੱਦਾ ਦਿੱਤਾ ਸੀ। ਪੂਰੇ ਯੂਰਪ ’ਚ ਪ੍ਰਦਰਸ਼ਨਕਾਰੀਆਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਇਟਲੀ ’ਚ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਕੁਝ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਾਲੇ ਝੜਪਾਂ ਵੀ ਹੋਈਆਂ।
ਪੁਲੀਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਧੂੰਏਂ ਵਾਲੇ ਬੰਬ ਵੀ ਸੁੱਟੇ। ਤੁਰਿਨ, ਬੋਲੋਗਨਾ ਅਤੇ ਨੇਪਲਜ਼ ’ਚ ਵੀ ਝੜਪਾਂ ਹੋਈਆਂ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨੇ ਹੜਤਾਲ ਦੀ ਤਿੱਖੀ ਆਲੋਚਨਾ ਕੀਤੀ ਹੈ। ਉਸ ਨੇ ਕਿਹਾ ਕਿ ਇਹ ਸਿਆਸਤ ਤੋਂ ਪ੍ਰੇਰਿਤ ਹੈ। ਸੀ ਜੀ ਆਈ ਐੱਲ ਯੂਨੀਅਨ ਮੁਤਾਬਕ 3 ਲੱਖ ਤੋਂ ਵੱਧ ਲੋਕਾਂ ਨੇ ਇਕੱਲੇ ਰੋਮ ਦੀਆਂ ਸੜਕਾਂ ’ਤੇ ਪ੍ਰਦਰਸ਼ਨ ਕੀਤੇ। ਹੜਤਾਲ ਦੌਰਾਨ ਆਵਾਜਾਈ ਅਤੇ ਸਕੂਲਾਂ ਸਮੇਤ ਮੁੱਖ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ। ਫਲੋਰੈਂਸ ’ਚ ਪ੍ਰਦਰਸ਼ਨਕਾਰੀ ਇਤਾਲਵੀ ਨੈਸ਼ਨਲ ਫੁਟਬਾਲ ਟੀਮ ਦੇ ਸਿਖਲਾਈ ਕੇਂਦਰ ਦੇ ਗੇਟ ਤੱਕ ਪਹੁੰਚ ਗਏ ਅਤੇ ਉਨ੍ਹਾਂ ਇਜ਼ਰਾਈਲ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਨਾ ਖੇਡਣ ਦੀ ਮੰਗ ਕੀਤੀ। ਇਹ ਮੁਕਾਬਲਾ ਯੂਡਾਈਨ ’ਚ 14 ਅਕਤੂਬਰ ਨੂੰ ਹੋਣਾ ਹੈ। -ਏਪੀ