ਜੇ ਨੋਬੇਲ ਪੁਰਸਕਾਰ ਨਾ ਦਿੱਤਾ ਤਾਂ ਅਮਰੀਕਾ ਲਈ ਵੱਡੀ ਬੇਇੱਜ਼ਤੀ: ਟਰੰਪ
ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਆਪਣੀ ਯੋਜਨਾ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਮੰਗਲਵਾਰ ਨੂੰ ਕੁਆਂਟਿਕੋ ਵਿੱਚ ਫੌਜੀ ਨੇਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਨਿਪਟਾ ਲਿਆ ਹੈ, ਅਸੀਂ ਦੇਖਾਂਗੇ। ਹਮਾਸ ਨੂੰ ਸਹਿਮਤ ਹੋਣਾ ਪਵੇਗਾ, ਅਤੇ ਜੇ ਉਹ ਨਹੀਂ ਕਰਦੇ, ਤਾਂ ਇਹ ਉਨ੍ਹਾਂ ਲਈ ਬਹੁਤ ਮੁਸ਼ਕਲ ਹੋਵੇਗਾ। ਪਰ ਸਾਰੇ ਅਰਬ ਦੇਸ਼ਾਂ, ਮੁਸਲਿਮ ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ। ਇਜ਼ਰਾਈਲ ਸਹਿਮਤ ਹੋ ਗਿਆ ਹੈ। ਇਹ ਇੱਕ ਸ਼ਾਨਦਾਰ ਗੱਲ ਹੈ। ਇਹ ਬੱਸ ਇਕੱਠਾ ਹੋ ਗਿਆ।’’
ਟਰੰਪ ਨੇ ਕਿਹਾ ਕਿ ਜੇਕਰ ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਉਨ੍ਹਾਂ ਦੀ ਯੋਜਨਾ, ਜਿਸਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ ਸੀ, ਕੰਮ ਕਰਦੀ ਹੈ, ਤਾਂ ਉਨ੍ਹਾਂ ਨੇ ਅੱਠ ਮਹੀਨਿਆਂ ਵਿੱਚ ਅੱਠ ਸੰਘਰਸ਼ਾਂ ਨੂੰ ਹੱਲ ਕਰ ਲਿਆ ਹੋਵੇਗਾ।
ਟਰੰਪ ਨੇ ਕਿਹਾ, ‘‘ਇਹ ਕਾਫ਼ੀ ਚੰਗਾ ਹੈ। ਕਿਸੇ ਨੇ ਕਦੇ ਅਜਿਹਾ ਨਹੀਂ ਕੀਤਾ। 'ਕੀ ਤੁਹਾਨੂੰ ਨੋਬੇਲ ਪੁਰਸਕਾਰ ਮਿਲੇਗਾ?' ਬਿਲਕੁਲ ਨਹੀਂ। ਉਹ ਇਸ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਦੇਣਗੇ ਜਿਸ ਨੇ ਕੋਈ ਕੰਮ ਨਹੀਂ ਕੀਤਾ। ਉਹ ਇਸ ਨੂੰ ਉਸ ਵਿਅਕਤੀ ਨੂੰ ਦੇਣਗੇ ਜਿਸ ਨੇ ਡੋਨਲਡ ਟਰੰਪ ਦੇ ਦਿਮਾਗ ਬਾਰੇ ਅਤੇ ਜੰਗ ਨੂੰ ਹੱਲ ਕਰਨ ਲਈ ਕੀ ਕਰਨਾ ਪਿਆ, ਇਸ ਬਾਰੇ ਇੱਕ ਕਿਤਾਬ ਲਿਖੀ ਹੋਵੇ... ਨੋਬੇਲ ਪੁਰਸਕਾਰ ਇੱਕ ਲੇਖਕ ਨੂੰ ਜਾਵੇਗਾ, ਹਾਂ, ਪਰ ਅਸੀਂ ਦੇਖਾਂਗੇ ਕੀ ਹੁੰਦਾ ਹੈ।’’
ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, ‘‘ਪਰ ਇਹ ਸਾਡੇ ਦੇਸ਼ ਲਈ ਇੱਕ ਵੱਡੀ ਬੇਇੱਜ਼ਤੀ ਹੋਵੇਗੀ। ਮੈਂ ਤੁਹਾਨੂੰ ਦੱਸਾਂਗਾ, ਮੈਂ ਇਹ ਨਹੀਂ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਦੇਸ਼ ਨੂੰ ਇਹ ਮਿਲੇ। ਇਸ ਨੂੰ ਮਿਲਣਾ ਚਾਹੀਦਾ ਹੈ ਕਿਉਂਕਿ ਇਸ ਵਰਗਾ ਪਹਿਲਾਂ ਕਦੇ ਕੁਝ ਨਹੀਂ ਹੋਇਆ। ਇਸ ਬਾਰੇ ਸੋਚੋ। ਇਸ ਲਈ ਜੇਕਰ ਇਹ (ਗਾਜ਼ਾ ਸੰਘਰਸ਼ ਨੂੰ ਖਤਮ ਕਰਨ ਦੀ ਯੋਜਨਾ) ਹੁੰਦਾ ਹੈ, ਮੈਨੂੰ ਲੱਗਦਾ ਹੈ ਕਿ ਇਹ ਹੋਵੇਗਾ। ਮੈਂ ਇਹ ਹਲਕੇ ਢੰਗ ਨਾਲ ਨਹੀਂ ਕਹਿ ਰਿਹਾ, ਕਿਉਂਕਿ ਮੈਂ ਕਿਸੇ ਹੋਰ ਨਾਲੋਂ ਸੌਦਿਆਂ ਬਾਰੇ ਜ਼ਿਆਦਾ ਜਾਣਦਾ ਹਾਂ। ਇਹ ਉਹ ਹੈ ਜਿਸ ’ਤੇ ਮੇਰੀ ਪੂਰੀ ਜ਼ਿੰਦਗੀ ਅਧਾਰਤ ਸੀ।’’