ਗਾਜ਼ਾ ਪਹੁੰਚਣ ਤੋਂ ਪਹਿਲਾਂ ਹੀ ਇਜ਼ਰਾਇਲੀ ਜਲਸੈਨਾ ਨੇ ‘ਫਲੋਟਿਲਾ’ ਬੇੜੇ ਦਾ ਰਾਹ ਰੋਕਿਆ; ਗ੍ਰੇਟਾ ਥੁਨਬਰਗ ਸਣੇ 500 ਕਾਰਕੁਨ ਸੁਰੱਖਿਅਤ
ਸਾਰੇ ਕਾਰਕੁਨਾਂ ਨੂੰ ਅਸ਼ਦੂਦ ਬੰਦਰਗਾਹ ਤੋਂ ਡਿਪੋਰਟ ਕੀਤਾ ਜਾਵੇਗਾ
Gaza Blockade ਇਜ਼ਰਾਇਲੀ ਜਲਸੈਨਾ ਨੇ ਬੁੱਧਵਾਰ ਰਾਤ ਨੂੰ ਗਾਜ਼ਾ ਦੀ ਸਾਗਰੀ ਨਾਕੇਬੰਦੀ ਵਿਚ ਸੰਨ੍ਹ ਲਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱੱਤਾ।
ਜਲਸੈਨਾ ਨੇ ਭੂਮੱੱਧ ਸਾਗਰ ਵਿਚ ‘ਗਲੋਬਲ ਸੁਮੂਦ ਫਲੋਟਿਲਾ’ ਨੂੰ ਰੋਕ ਦਿੱਤਾ। ਕਰੀਬ 50 ਕਿਸ਼ਤੀਆਂ ਤੇ 500 ਕਾਰਕੁਨਾਂ ਵਾਲਾ ਇਹ ਬੇੜਾ ਗਾਜ਼ਾ ਦੇ ਸਾਹਿਲ ’ਤੇ ਮਾਨਵੀ ਸਹਾਇਤਾ ਪਹੁੰਚਾਉਣ ਦੇ ਇਰਾਦੇ ਨਾਲ ਰਵਾਨਾ ਹੋਇਆ ਸੀ।
ਇਨ੍ਹਾਂ ਵਿਚ ਵਾਤਾਵਰਨ ਕਾਰਕੁਨ ਗ੍ਰੇਟਾ ਥੁਨਬਰਗ, ਨੈਲਸਨ ਮੰਡੇਲਾ ਦਾ ਪੋਤਾ ਮੰਡਲਾ ਮੰਡੇਲਾ, ਬਾਰਸੀਲੋਨਾ ਦੀ ਸਾਬਕਾ ਮੇਅਰ ਐਡਾ ਕੋਲਾਓ ਤੇ ਕਈ ਯੂਰਪੀ ਸੰਸਦ ਮੈਂਬਰ ਸ਼ਾਮਲ ਸਨ। ਇਜ਼ਰਾਇਲੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਇਨ੍ਹਾਂ ਨੂੰ ਅਸ਼ਦੂਦ ਬੰਦਰਗਾਹ ਲਿਆ ਕੇ ਡਿਪੋਰਟ ਕੀਤਾ ਜਾਵੇਗਾ।
ਪ੍ਰਬੰਧਕਾਂ ਅਨੁਸਾਰ ਗਾਜ਼ਾ ਤੋਂ ਕਰੀਬ 70 ਸਮੁੰਦਰੀ ਮੀਲ ਦੂਰ ‘ਸੀਰੀਅਸ’, ‘ਅਲਮਾ’, ਅਤੇ ‘ਅਦਾਰਾ’ ਨਾਮ ਦੀਆਂ ਤਿੰਨ ਕਿਸ਼ਤੀਆਂ ਨੂੰ ਰੋਕਿਆ ਗਿਆ। ਇੱਕ ਸਾਬਕਾ ਅਮਰੀਕੀ ਫੌਜੀ ਗ੍ਰੇਗ ਸਟੋਕਰ ਨੇ ਕਿਹਾ ਕਿ ਲਗਪਗ ਇੱਕ ਦਰਜਨ ਇਜ਼ਰਾਈਲੀ ਜਲਸੈਨਾ ਦੇ ਜਹਾਜ਼ਾਂ ਨੇ ਅਚਾਨਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਇੰਜਣ ਬੰਦ ਕਰਨ ਦਾ ਆਦੇਸ਼ ਦਿੱਤਾ। ਕੁਝ ਕਾਰਕੁਨਾਂ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਇਜ਼ਰਾਈਲੀ ਬਲਾਂ ਨੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਇਸ ਦੇ ਬਾਵਜੂਦ, ਕਾਰਕੁਨਾਂ ਦਾ ਕਹਿਣਾ ਹੈ ਕਿ ਉਹ ਗਾਜ਼ਾ ਦੀ ਨਾਕਾਬੰਦੀ ਤੋੜਨ ਦੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ।
ਇਜ਼ਰਾਇਲੀ ਵਿਦੇਸ਼ ਮੰਤਰਾਲੇ ਨੇ X ’ਤੇ ਇੱਕ ਵੀਡੀਓ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਗ੍ਰੇਟਾ ਅਤੇ ਉਸ ਦੇ ਸਾਥੀ ਸੁਰੱਖਿਅਤ ਹਨ। ਇਟਲੀ ਦੇ ਵਿਦੇਸ਼ ਮੰਤਰੀ ਐਂਟੋਨੀਓ ਤਾਜਾਨੀ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਵਿਚ ਹਿੰਸਾ ਦੀ ਵਰਤੋਂ ਨਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰਕੁਨਾਂ ਨੂੰ ਵਾਪਸ ਭੇਜਿਆ ਜਾਵੇਗਾ।
ਇਸ ਦੌਰਾਨ, ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ‘ਅਤਿਵਾਦ’ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਅਤੇ ਤੁਰਕੀ ਦੇ ਨਾਗਰਿਕਾਂ ਸਮੇਤ ਸਾਰੇ ਯਾਤਰੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ।
ਇਹ ਬੇੜਾ ‘ਫਲੋਟਿਲਾ’ ਇੱਕ ਮਹੀਨਾ ਪਹਿਲਾਂ ਸਪੇਨ ਦੇ ਬਾਰਸੀਲੋਨਾ ਤੋਂ ਰਵਾਨਾ ਹੋਇਆ ਸੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਯਤਨ ਹੈ, ਜਿਸ ਵਿੱਚ ਦਰਜਨਾਂ ਕਿਸ਼ਤੀਆਂ ਪਿਛਲੇ 18 ਸਾਲਾਂ ਤੋਂ ਜਾਰੀ ਇਜ਼ਰਾਈਲ ਦੀ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸ਼ਤੀਆਂ ’ਤੇ ਸਵਾਰ ਕਾਰਕੁਨਾਂ ਨੇ ਗਾਜ਼ਾ ਦੇ ਲੋਕਾਂ ਨਾਲ ਏਕਤਾ ਦੇ ਲਾਈਵ ਸੰਦੇਸ਼ ਪ੍ਰਸਾਰਿਤ ਕੀਤੇ ਅਤੇ ‘ਆਜ਼ਾਦ ਫਲਸਤੀਨ’ ਦੇ ਨਾਅਰੇ ਲਗਾਏ।