ਇਜ਼ਰਾਇਲੀ ਕੈਬਨਿਟ ਵੱਲੋਂ ਹਮਾਸ ਨਾਲ ਸਮਝੌਤੇ ਦੇ ਖਰੜੇ ਨੂੰ ਮਨਜ਼ੂਰੀ
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਵਾਲੇ ਇਜ਼ਰਾਇਲੀ ਕੈਬਨਿਟ ਨੇ ਸ਼ੁਕਰਵਾਰ ਤੜਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਾਜ਼ਾ ਪੱਟੀ ਵਿਚ ਜੰਗਬੰਦੀ ਤੇ ਹਮਾਸ ਵੱਲੋਂ ਬੰਧਕ ਬਣਾਏ ਗਏ ਸਾਰੇ ਬਾਕੀ ਬੰਧਕਾਂ ਨੂੰ ਰਿਹਾਅ ਕਰਨ ਦੀ ਯੋਜਨਾ ਨੂੰ ਮਨਜ਼ੂਰਹੀ ਦੇ ਦਿੱਤੀ। ਇਹ ਮੱਧ ਪੂਰਬ ਨੂੰ ਅਸਥਿਰ ਕਰਨ ਵਾਲੇ ਪਿਛਲੇ ਦੋ ਸਾਲਾਂ ਤੋਂ ਜਾਰੀ ਵਿਨਾਸ਼ਕਾਰੀ ਜੰਗ ਦੇ ਖ਼ਾਤਮੇ ਦੀ ਦਿਸ਼ਾ ਵਿਚ ਅਹਿਮ ਪੇਸ਼ਕਦਮੀ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਦੇ ਦਫ਼ਤਰ ਵੱਲੋਂ ਜਾਰੀ ਸੰਖੇਪ ਬਿਆਨ ਵਿਚ ਕਿਹਾ ਗਿਆ ਹੈ ਕਿ ਕੈਬਨਿਟ ਨੇ ਬੰਧਕਾਂ ਦੀ ਰਿਹਾਈ ਲਈ ਇਕ ਸਮਝੌਤੇ ਦੇ ‘ਖਰੜੇ’ ਨੂੰ ਮਨਜ਼ੂਰੀ ਦਿੱਤੀ ਹੈ, ਹਾਲਾਂਕਿ ਇਸ ਯੋਜਨਾਂ ਦੇ ਹੋਰਨਾਂ ਵਿਵਾਦਿਤ ਪਹਿਲੂਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਵਿਆਪਕ ਜੰਗਬੰਦੀ ਯੋਜਨਾ ਵਿਚ ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਮਿਲੇ। ਜਿਵੇਂ ਕਿ ਹਮਾਸ ਨਿਸ਼ਸਤਰੀਕਰਨ ਕਰੇਗਾ ਜਾਂ ਨਹੀਂ, ਗਾਜ਼ਾ ਉੱਤੇ ਸ਼ਾਸਨ ਕੌਣ ਕਰੇਗਾ। ਹਾਲਾਂਕਿ ਦੋਵੇਂ ਧਿਰਾਂ ਜੰਗਬੰਦੀ ਨੂੰ ਲੈ ਕੇ ਸੰਜੀਦਾ ਨਜ਼ਰ ਆਈਆਂ। ਪਿਛਲੇ ਦੋ ਸਾਲਾਂ ਤੋਂ ਜਾਰੀ ਜੰਗ ਨੇ ਹਜ਼ਾਰਾਂ ਫਲਸਤੀਨੀਆਂ ਦੀ ਜਾਨ ਲੈ ਲਈ ਹੈ। ਗਾਜ਼ਾ ਦੇ ਬਹੁਤੇ ਹਿੱਸਿਆਂ ਨੂੰ ਮਲਬੇ ਵਿਚ ਬਦਲ ਦਿੱਤਾ, ਖੇਤਰ ਦੇ ਕੁਝ ਹਿੱਸਿਆਂ ਵਿਚ ਅਕਾਲ ਵਰਗੇ ਹਾਲਾਤ ਹਨ ਤੇ ਦਰਜਨਾਂ ਜਿਊਂਦੇ ਤੇ ਮ੍ਰਿਤ ਬੰਧਕਾਂ ਨੂੰ ਗਾਜ਼ਾ ਵਿਚ ਛੱਡ ਦਿੱਤਾ ਹੈ। ਹਮਾਸ ਵੱਲੋਂ 7 अक्टूबर, 2023 ਨੂੰ ਇਜ਼ਰਾਈਲ ’ਤੇ ਕੀਤੇ ਘਾਤਕ ਹਮਲੇ ਨਾਲ ਇਸ ਜੰਗ ਦੀ ਸ਼ੁਰੂਆਤ ਹੋਈ ਸੀ। ਇਸ ਜੰਗ ਨਾਲ ਖੇਤਰ ਵਿਚ ਹੋਰ ਕਈ ਟਕਰਾਅ ਪੈਦਾ ਹੋਇਆ।
ਹਮਾਸ ਦੀ ਅਗਵਾਈ ਵਾਲੇ ਹਮਲੇ ਵਿਚ ਕਰੀਬ 1,200 ਲੋਕ ਮਾਰੇ ਗਏ ਤੇ 251 ਲੋਕਾਂ ਨੂੰ ਬੰਧਕ ਬਣਾ ਲਿਆ ਗਿਆ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਇਲੀ ਹਮਲੇ ਵਿਚ ਗਾਜ਼ਾ ਵਿਚ 67,000 ਤੋਂ ਵੱਧ ਫਲਸਤੀਨੀ ਮਾਰੇ ਗਏ ਤੇ ਕਰੀਬ 1,70,000 ਜ਼ਖ਼ਮੀ ਹੋ ਗਏ।
ਉਂਝ ਇਜ਼ਰਾਇਲੀ ਕੈਬਨਿਟ ਦੀ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਇਲੀ ਹਮਲੇ ਜਾਰੀ ਰਹੇ। ਫਲਸਤੀਨੀ ਨਾਗਰਿਕ ਸੁਰੱਖਿਆ ਮੁਤਾਬਕ ਵੀਰਵਾਰ ਨੂੰ ਉੱਤਰੀ ਗਾਜ਼ਾ ਵਿਚ ਧਮਾਕੇ ਹੋਏ ਤੇ ਗਾਜ਼ਾ ਸ਼ਹਿਰ ਵਿਚ ਇਕ ਇਮਾਰਤ ’ਤੇ ਹੋਏ ਹਮਲੇ ਵਿਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਲੋਕ ਮਲਬੇ ਹੇਠ ਦਬ ਗਏ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਘੱਟੋ ਘੱਟ 11 ਮ੍ਰਿਤਕ ਫਲਸਤੀਨੀ ਤੇ 49 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ।