ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Israel Hamas ਇਜ਼ਰਾਈਲ ਤੇ ਹਮਾਸ ਵੱਲੋਂ ਬੰਦੀਆਂ ਦਾ ਤਬਾਦਲਾ

ਹਮਾਸ ਨੇ 4 ਬੰਦੀਆਂ ਦੀਆਂ ਲਾਸ਼ਾਂ ਰੈੱਡ ਕਰਾਸ ਨੂੰ ਸੌਂਪੀਆਂ, ਇਜ਼ਰਾਈਲ ਵੱਲੋਂ ਸੈਂਕਡੇ ਫਲਸਤੀਨੀ ਕੈਦੀ ਰਿਹਾਅ
ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ ਰਾਮੱਲਾ ਵਿਚ ਫ਼ਲਸਤੀਨੀ ਕੈਦੀਆਂ ਵਾਲੀ ਬੱਸ ਦਾ ਸਵਾਗਤ ਕਰਦੇ ਹੋਏ ਲੋਕ। ਫੋਟੋ: ਰਾਇਟਰਜ਼
Advertisement

ਖ਼ਾਨ ਯੂਨਸ(ਗਾਜ਼ਾ ਪੱਟੀ), 27 ਫਰਵਰੀ

ਗਾਜ਼ਾ ਪੱਟੀ ਵਿੱਚ ਜੰਗਬੰਦੀ ਦਾ ਪਹਿਲਾ ਪੜਾਅ ਖਤਮ ਹੋਣ ਤੋਂ ਕੁਝ ਦਿਨ ਪਹਿਲਾਂ, ਹਮਾਸ ਨੇ ਇਜ਼ਰਾਈਲ ਵੱਲੋਂ ਸੈਂਕੜੇ ਫਲਸਤੀਨੀ ਕੈਦੀਆਂ ਦੀ ਰਿਹਾਈ ਬਦਲੇ ਵੀਰਵਾਰ ਤੜਕੇ ਚਾਰ ਬੰਦੀਆਂ ਦੀਆਂ ਲਾਸ਼ਾਂ ਰੈੱਡ ਕਰਾਸ ਹਵਾਲੇ ਕਰ ਦਿੱਤੀਆਂ ਹਨ। ਇਜ਼ਰਾਇਲੀ ਸੁਰੱਖਿਆ ਅਧਿਕਾਰੀਆਂ ਨੇ ਬੰਦੀਆਂ ਦੀਆਂ ਮ੍ਰਿਤਕ ਦੇਹਾਂ ਰੈੱਡ ਕਰਾਸ ਨੂੰ ਸੌਂਪੇ ਜਾਣ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਨੇ ਕਿਹਾ ਕਿ ਮ੍ਰਿਤਕ ਦੇਹਾਂ ਵਾਲੇ ਤਾਬੂਤ ਮਿਸਰੀ ਵਿਚੋਲਿਆਂ ਦੀ ਮਦਦ ਨਾਲ ਇਜ਼ਰਾਈਲੀ ਲਾਂਘੇ ਰਾਹੀਂ ਪਹੁੰਚਾਏ ਗਏ ਸਨ ਅਤੇ ਪਛਾਣ ਪ੍ਰਕਿਰਿਆ ਸ਼ੁਰੂ ਹੋ ਗਈ ਸੀ।

Advertisement

ਰੈੱਡ ਕਰਾਸ ਦਾ ਇੱਕ ਕਾਫ਼ਲਾ ਕਰੀਬ ਉਸੇ ਵੇਲੇ ਕਈ ਦਰਜਨ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਨੂੰ ਲੈ ਕੇ ਇਜ਼ਰਾਈਲ ਦੀ ਓਫਰ ਜੇਲ੍ਹ ਤੋਂ ਰਵਾਨਾ ਹੋਇਆ। ਵੈਸਟ ਬੈਂਕ ਦੇ ਸ਼ਹਿਰ ਬੇਟੂਨੀਆ ਵਿੱਚ ਖੁਸ਼ੀ ਮਨਾਉਂਦੇ ਪਰਿਵਾਰਾਂ, ਦੋਸਤਾਂ ਅਤੇ ਸਮਰਥਕਾਂ ਦੀ ਭੀੜ ਇਕੱਠੀ ਹੋ ਗਈ। ਉਨ੍ਹਾਂ ਰਿਹਾਅ ਕੈਦੀਆਂ ਨੂੰ ਵਧਾਈਆਂ ਦਿੱਤੀਆਂ, ਉਨ੍ਹਾਂ ਨੂੰ ਗਲਵੱਕੜੀ ਵਿਚ ਲਿਆ ਤੇ ਤਸਵੀਰਾਂ ਖਿਚਵਾਈਆਂ। ਹਮਾਇਤੀਆਂ ਦੇ ਮੋਡਿਆਂ ’ਤੇ ਚੜ੍ਹੇ ਰਿਹਾਅ ਕੀਤੇ ਵਿਅਕਤੀ ਨੇ ਜੇਤੂ ਨਿਸ਼ਾਨਾ ਬਣਾਇਆ। ਲੋਕਾਂ ਨੇ ‘ਰੱਬ ਮਹਾਨ ਹੈ’ ਦੇ ਨਾਅਰੇ ਲਾਏ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ 7 ਅਕਤੂਬਰ, 2023 ਦੇ ਹਮਲਿਆਂ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਇਨ੍ਹਾਂ ’ਤੇ ਕਦੇ ਵੀ ਦੋਸ਼ ਨਹੀਂ ਲਗਾਏ ਗਏ ਸਨ।

ਇਜ਼ਰਾਈਲ ਨੇ ਹਮਾਸ ਵੱਲੋਂ ਬੰਦੀਆਂ ਨਾਲ ਕੀਤੇ ਗਏ ਮਾੜੇ ਸਲੂਕ ਦੇ ਵਿਰੋਧ ਵਿੱਚ ਸ਼ਨਿੱਚਰਵਾਰ ਨੂੰ 600 ਤੋਂ ਵੱਧ ਫਲਸਤੀਨੀ ਕੈਦੀਆਂ ਦੀ ਰਿਹਾਈ ਰੋਕ ਦਿੱਤੀ ਸੀ। ਦਹਿਸ਼ਤੀ ਸਮੂਹ ਹਮਾਸ ਨੇ ਇਸ ਦੇਰੀ ਨੂੰ ਜੰਗਬੰਦੀ ਦੀ ‘ਗੰਭੀਰ ਉਲੰਘਣਾ’ ਦੱਸਦਿਆਂ ਕਿਹਾ ਸੀ ਕਿ ਦੂਜੇ ਪੜਾਅ ਦੀ ਗੱਲਬਾਤ ਉਦੋਂ ਤੱਕ ਸੰਭਵ ਨਹੀਂ ਹੈ ਜਦੋਂ ਤੱਕ ਫਲਸਤੀਨੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।

ਇਸ ਤੋਂ ਪਹਿਲਾਂ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਹਮਾਸ ਵੱਲੋਂ ਪਹਿਲਾਂ ਰਿਹਾਅ ਕੀਤੇ ਇਜ਼ਰਾਇਲੀ ਬੰਦੀਆਂ ਦੇ ਉਲਟ ਬੰਧਕਾਂ ਦੀਆਂ ਲਾਸ਼ਾਂ ਦੀ ਸਪੁਰਦਗੀ ਬਿਨਾਂ ਕਿਸੇ ਰਸਮ ਦੇ ਕੀਤੀ ਜਾਵੇਗੀ। ਇਸ ਦੌਰਾਨ ਨਾ ਕੋਈ ਹਜੂਮ ਹੋਵੇਗਾ ਤੇ ਨਾ ਕਿਸੇ ਤਰ੍ਹਾਂ ਦੀ ਸਟੇਜ ਲੱਗੇਗੀ। ਇਜ਼ਰਾਈਲ, ਰੈੱਡ ਕਰਾਸ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਬੰਦੀਆਂ ਦੀ ਰਿਹਾਈ ਮੌਕੇ ਸਟੇਜਾਂ ਲਾਉਣ ਨੂੰ ਅਪਮਾਨਜਨਕ ਕਿਹਾ ਸੀ।

ਇਜ਼ਰਾਈਲ ਵੱਲੋਂ ਵੀਰਵਾਰ ਸਵੇਰੇ ਰਿਹਾਅ ਕੀਤੇ ਗਏ ਫਲਸਤੀਨੀ ਕੈਦੀਆਂ ਵਿਚੋਂ ਬਹੁਤੇ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੂੰ ਗਾਜ਼ਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨ੍ਹਾਂ ਨੂੰ ਹਮਾਸ ਦੇ 7 ਅਕਤੂਬਰ, 2023 ਦੇ ਹਮਲੇ ਤੋਂ ਬਾਅਦ ਅਤਿਵਾਦ ਦੇ ਸ਼ੱਕ ਵਿੱਚ ਮਹੀਨਿਆਂ ਤੱਕ ਬਿਨਾਂ ਕਿਸੇ ਦੋਸ਼ ਦੇ ਰੱਖਿਆ ਗਿਆ ਸੀ। ਫਲਸਤੀਨੀ ਅਧਿਕਾਰੀਆਂ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਸੂਚੀਆਂ ਅਨੁਸਾਰ ਇਨ੍ਹਾਂ ਵਿੱਚ 445 ਪੁਰਸ਼, 21 ਗੱਭਰੂ ਅਤੇ ਇੱਕ ਮਹਿਲਾ ਸ਼ਾਮਲ ਹੈ। ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਦੀ ਵੀ ਉਮਰ ਨਹੀਂ ਦੱਸੀ ਗਈ। ਜੰਗਬੰਦੀ ਦੇ ਪਹਿਲੇ ਪੜਾਅ ਤਹਿਤ ਹਮਾਸ ਨੇ ਕਰੀਬ 2,000 ਫਲਸਤੀਨੀ ਕੈਦੀਆਂ ਦੇ ਬਦਲੇ ਅੱਠ ਲਾਸ਼ਾਂ ਸਮੇਤ 33 ਬੰਦੀ ਰਿਹਾਅ ਕੀਤੇ ਹਨ। -ਏਪੀ

Advertisement
Tags :
Israel Hamas
Show comments