Israel cuts off Gaza aid ਇਜ਼ਰਾਈਲ ਨੇ ਗਾਜ਼ਾ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਰੋਕੀ
ਤਲ ਅਵੀਵ, 2 ਮਾਰਚ
Israel cuts off Gaza aid ਇਜ਼ਰਾਈਲ ਨੇ ਐਤਵਾਰ ਨੂੰ ਗਾਜ਼ਾ ਪੱਟੀ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਰੋਕ ਦਿੱਤੀ ਹੈ। ਇਜ਼ਰਾਈਲ ਨੇ ਚੇਤਾਵਨੀ ਦਿੱਤੀ ਕਿ ਜੇ ਹਮਾਸ ਨੇ ਜੰਗਬੰਦੀ ਦੀ ਮਿਆਦ ਵਧਾਉਣ ਸਬੰਧੀ ਉਸ ਦੀ ਨਵੀਂ ਤਜਵੀਜ਼ ਸਵੀਕਾਰ ਨਾ ਕੀਤੀ ਤਾਂ ਉਹ ‘ਹੋਰ ਸਿੱਟੇ ਭੁਗਤਣ’ ਲਈ ਤਿਆਰ ਰਹੇ। ਉਧਰ ਹਮਾਸ ਨੇ ਇਜ਼ਰਾਈਲ ’ਤੇੇ ਮੌਜੂਦਾ ਜੰਗਬੰਦੀ ਕਰਾਰ ਨੂੰ ਲੀਹੋਂ ਲਾਉਣ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ ਹੈ। ਹਮਾਸ ਨੇ ਕਿਹਾ ਕਿ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਰੋਕ ਲਾਉਣਾ ‘ਧੱਕੇਸ਼ਾਹੀ, ਜੰਗੀ ਅਪਰਾਧ ਤੇ ਜੰਗਬੰਦੀ ’ਤੇ ਸਿੱਧਾ ਹਮਲਾ ਹੈ।
ਚੇਤੇ ਰਹੇ ਕਿ ਇਕ ਸਾਲ ਤੋਂ ਵੱਧ ਦੀ ਗੱਲਬਾਤ ਮਗਰੋਂ ਜੰਗਬੰਦੀ ਕਰਾਰ ਜਨਵਰੀ ਤੋਂ ਅਮਲ ਵਿਚ ਆਇਆ ਸੀ, ਜੋ ਸ਼ਨਿੱਚਰਵਾਰ ਨੂੰ ਖ਼ਤਮ ਹੋ ਗਿਆ ਹੈ। ਜੰਗਬੰਦੀ ਦੇ ਪਹਿਲਾ ਪੜਾਅ ਵਿੱਚ ਮਾਨਵਤਾਵਾਦੀ ਸਹਾਇਤਾ ਵਿੱਚ ਵਾਧਾ ਸ਼ਾਮਲ ਸੀ। ਦੋਵਾਂ ਧਿਰਾਂ ਨੇ ਅਜੇ ਤੱਕ ਦੂਜੇ ਪੜਾਅ ਬਾਰੇ ਗੱਲਬਾਤ ਨਹੀਂ ਕੀਤੀ ਹੈ। ਇਸ ਪੜਾਅ ਵਿੱਚ ਸਥਾਈ ਜੰਗਬੰਦੀ ਬਦਲੇ ਹਮਾਸ ਵੱਲੋਂ ਬਾਕੀ ਬਚਦੇ ਦਰਜਨਾਂ ਇਜ਼ਰਾਇਲੀ ਬੰਦੀਆਂ ਨੂੰ ਰਿਹਾਅ ਕੀਤੇ ਜਾਣ ਦੀ ਤਜਵੀਜ਼ ਹੈ।
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਨੂੰ ਲੈ ਕੇ ਮੁੱਖ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਮਿਸਰ ਨੇ ਗਾਜ਼ਾ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਬੰਦ ਕਰਨ ਦੀ ਨਿਖੇਧੀ ਕੀਤੀ ਹੈ। ਮਿਸਰ ਨੇ ਇਜ਼ਰਾਈਲ ’ਤੇ ‘ਭੁੱਖਮਰੀ ਨੂੰ ਹਥਿਆਰ ਵਜੋਂ ਵਰਤਣ’ ਦਾ ਦੋਸ਼ ਲਗਾਇਆ। ਮਿਸਰ ਦੇ ਵਿਦੇਸ਼ ਮੰਤਰੀ Badr Abdelatty ਨੇ ਮੌਜੂਦਾ ਜੰਗਬੰਦੀ ਸਮਝੌਤੇ ਦੇ ਦੂਜੇ ਪੜਾਅ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਹੈ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਮੌਜੂਦਾ ਸਮਝੌਤਿਆਂ ਤਹਿਤ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਗੱਲਬਾਤ ਬੇਅਸਰ ਹੈ ਤਾਂ ਇਜ਼ਰਾਈਲ ਪਹਿਲੇ ਪੜਾਅ ਤੋਂ ਬਾਅਦ ਲੜਾਈ ਮੁੜ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੰਗਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਹਮਾਸ ਬੰਧਕਾਂ ਨੂੰ ਰਿਹਾਅ ਕਰਦਾ ਰਹੇਗਾ। ਨੇਤਨਯਾਹੂ ਨੇ ਆਪਣੀ ਕੈਬਨਿਟ ਨੂੰ ਕਿਹਾ ਕਿ ‘ਕੁਝ ਵੀ ਮੁਫ਼ਤ ਵਿਚ ਨਹੀਂ ਮਿਲੇਗਾ।’
ਉਧਰ ਅਮਰੀਕਾ ਨੇ ਇਜ਼ਰਾਈਲ ਵੱਲੋਂ ਗਾਜ਼ਾ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਰੋਕਣ ਬਾਰੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ। -ਏਪੀ