DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਹਮਲੇ, ਸਿਖਰਲੇ ਤਿੰਨ ਫੌਜੀ ਜਰਨੈਲ ਹਲਾਕ

ਇਰਾਨ ਵੱਲੋਂ ਵੀ ਜਵਾਬੀ ਡਰੋਨ ਹਮਲੇ, ਖਮੇਨੀ ਨੇ ‘ਸਖ਼ਤ ਸਜ਼ਾ’ ਦੀ ਦਿੱਤੀ ਚੇਤਾਵਨੀ
  • fb
  • twitter
  • whatsapp
  • whatsapp
Advertisement

ਦੁਬਈ, 13 ਜੂਨ

ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਇਰਾਨ ਦੇ ਪ੍ਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਹਮਲੇ ਕੀਤੇ। ਹਮਲੇ ਵਿਚ ਇਰਾਨ ਦੇ ਫੌਜੀ ਜਰਨੈਲ ਮਾਰੇ ਗਏ। ਉਧਰ ਇਰਾਨ ਨੇ ਵੀ ਫੌਰੀ ਪਲਟ ਵਾਰ ਕਰਦਿਆਂ ਡਰੋਨ ਹਮਲੇ ਕੀਤੇ। ਇਰਾਨ ਦੇ ਸੁਪਰੀਮ ਆਗੂ ਆਇਤੁੱਲ੍ਹਾ ਅਲੀ ਖਮੇਨੀ ਨੇ ਇਜ਼ਰਾਈਲ ਨੂੰ ‘ਸਖ਼ਤ ਸਜ਼ਾ’ ਦੀ ਚੇਤਾਵਨੀ ਦਿੱਤੀ ਹੈ। ਇੱਕ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੀ ਪ੍ਰਮਾਣੂ ਨਿਗਰਾਨੀ ਸੰਸਥਾ ਨੇ ਪ੍ਰਮਾਣੂ ਹਥਿਆਰ ਬਣਾਉਣ ਤੋਂ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਦੀ ਉਲੰਘਣਾ ਲਈ ਇਰਾਨ ਦੀ ਨਿੰਦਾ ਕੀਤੀ ਸੀ।

Advertisement

ਇਨ੍ਹਾਂ ਹਮਲਿਆਂ ਨਾਲ ਪੱਛਮੀ ਏਸ਼ੀਆ ਦੇ ਰਵਾਇਤੀ ਵਿਰੋਧੀ ਮੁਲਕਾਂ ਦਰਮਿਆਨ ਵਿਆਪਕ ਜੰਗ ਦਾ ਖ਼ਦਸ਼ਾ ਵੱਧ ਗਿਆ ਹੈ। ਇਸ ਨੂੰ 1980 ਦੇ ਦਹਾਕੇ ਵਿਚ ਇਰਾਕ ਨਾਲ ਜੰਗ ਤੋਂ ਬਾਅਦ ਇਰਾਨ ’ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਹ ਹਮਲਾ ਇਰਾਨ ਦੇ ਤੇਜ਼ੀ ਨਾਲ ਵਧਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਤਣਾਅ ਦਰਮਿਆਨ ਹੋਇਆ ਹੈ।

ਉਧਰ ਖੇਤਰ ਦੇ ਦੇਸ਼ਾਂ ਨੇ ਇਜ਼ਰਾਇਲੀ ਹਮਲੇ ਦੀ ਨਿੰਦਾ ਕੀਤੀ, ਜਦੋਂ ਕਿ ਦੁਨੀਆ ਭਰ ਦੇ ਨੇਤਾਵਾਂ ਨੇ ਦੋਵਾਂ ਧਿਰਾਂ ਨੂੰ ਤੁਰੰਤ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਲਗਪਗ 100 ਇਰਾਨੀ ਟਿਕਾਣਿਆਂ ’ਤੇ ਸ਼ੁਰੂਆਤੀ ਹਮਲੇ ਵਿੱਚ ਕਰੀਬ 200 ਜਹਾਜ਼ ਸ਼ਾਮਲ ਸਨ। ਇਜ਼ਰਾਈਲੀ ਹਮਲੇ ਦੇ ਨਿਸ਼ਾਨੇ ਉੱਤੇ ਕਈ ਟਿਕਾਣੇ ਸ਼ਾਮਲ ਸਨ, ਜਿਨ੍ਹਾਂ ਵਿੱਚ ਇਰਾਨ ਦਾ ਮੁੱਖ ਪ੍ਰਮਾਣੂ ਸੰਸ਼ੋਧਨ ਕੇਂਦਰ ਨਤਾਨਜ਼ ਵੀ ਸ਼ਾਮਲ ਸੀ, ਜਿੱਥੋਂ ਕਾਲਾ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਸੀ। ਇਜ਼ਰਾਇਲੀ ਹਮਲੇ ਵਿਚ ਮਾਰੇ ਗਏ ਲੋਕਾਂ ਵਿੱਚ ਇਰਾਨ ਦੇ ਤਿੰਨ ਚੋਟੀ ਦੇ ਫੌਜੀ ਆਗੂ ਹਥਿਆਰਬੰਦ ਬਲਾਂ ਦੇ ਮੁਖੀ ਜਨਰਲ ਮੁਹੰਮਦ ਬਾਘੇਰੀ, ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਦੇ ਮੁਖੀ ਜਨਰਲ ਹੁਸੈਨ ਸਲਾਮੀ ਅਤੇ ਗਾਰਡ ਦੇ ਬੈਲਸਟਿਕ ਮਿਜ਼ਾਈਲ ਪ੍ਰੋਗਰਾਮ ਦੇ ਡਾਇਰੈਕਟਰ ਜਨਰਲ ਅਮੀਰ ਅਲੀ ਹਾਜੀਜ਼ਾਦੇਹ ਸ਼ਾਮਲ ਸਨ। ਇਰਾਨ ਨੇ ਤਿੰਨਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ, ਜੋ ਕਿ ਤਹਿਰਾਨ ਦੇ ਸੱਤਾਧਾਰੀ ਤੰਤਰ ਲਈ ਇੱਕ ਵੱਡਾ ਝਟਕਾ ਹੈ ਅਤੇ ਇਜ਼ਰਾਈਲ ਵਿਰੁੱਧ ਬਦਲਾ ਲੈਣ ਦੀਆਂ ਕੋਸ਼ਿਸ਼ਾਂ ਨੂੰ ਗੁੰਝਲਦਾਰ ਬਣਾ ਦੇਵੇਗਾ। -ਏਪੀ

Advertisement
×