ਇਜ਼ਰਾਈਲ ਨੇ ਗਾਜ਼ਾ ’ਚ ਹਮਾਸ ਦੇ ਟਿਕਾਣਿਆਂ ’ਤੇ ਕੀਤਾ ਹਮਲਾ
ਇਜ਼ਰਾਇਲੀ ਸੈਨਾ ਨੇ ਗਾਜ਼ਾ ਵਿੱਚ ਹਮਾਸ ਦੇ ਅਤਿਵਾਦੀਆਂ ਖਿਲਾਫ਼ ਹਵਾਈ ਹਮਲੇ ਕੀਤੇ । ਇਹ ਹਮਲੇ 10 ਅਕਤੂਬਰ ਨੂੰ ਸ਼ੁਰੂ ਹੋਈ ਜੰਗਬੰਦੀ (ceasefire) ਦੀ ਤਾਜ਼ਾ ਪਰਖ ਹਨ।
ਗਾਜ਼ਾ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਵਿੱਚ ਘੱਟੋ-ਘੱਟ 14 ਲੋਕ ਮਾਰੇ ਗਏ ਅਤੇ 45 ਹੋਰ ਜ਼ਖਮੀ ਹੋਏ, ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ।
ਸ਼ਿਫ਼ਾ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਰਾਮੀ ਮਹੰਨਾ ਨੇ ਦੱਸਿਆ ਕਿ ਇੱਕ ਹਮਲੇ ਵਿੱਚ ਗਾਜ਼ਾ ਸਿਟੀ ਦੇ ਰਿਮਾਲ ਇਲਾਕੇ ਵਿੱਚ ਇੱਕ ਗੱਡੀ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਸੱਤ ਫਲਸਤੀਨੀ ਮਾਰੇ ਗਏ ਅਤੇ 18 ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਜ਼ਿਆਦਾਤਰ ਬੱਚੇ ਸਨ।
ਕੇਂਦਰੀ ਗਾਜ਼ਾ ਵਿੱਚ ਅਲ-ਔਦਾ ਹਸਪਤਾਲ ਨੇ ਦੱਸਿਆ ਕਿ ਨੇੜੇ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਏ ਗਏ ਇੱਕ ਹੋਰ ਹਮਲੇ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਅਤੇ 11 ਜ਼ਖਮੀ ਹੋਏ।
ਨੁਸੀਰਾਤ ਕੈਂਪ ਵਿੱਚ ਇੱਕ ਘਰ ’ਤੇ ਹੋਏ ਹਮਲੇ ਵਿੱਚ ਇੱਕ ਬੱਚਾ ਮਾਰਿਆ ਗਿਆ ਅਤੇ 16 ਹੋਰ ਜ਼ਖਮੀ ਹੋਏ।
ਇਜ਼ਰਾਇਲੀ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਹਮਾਸ ’ਤੇ ਹਮਲੇ ਇਸ ਲਈ ਕੀਤੇ ਕਿਉਂਕਿ ਇੱਕ ਹਥਿਆਰਬੰਦ ਅਤਿਵਾਦ ਇਜ਼ਰਾਈਲ ਦੇ ਕਬਜ਼ੇ ਵਾਲੇ ਖੇਤਰ ਵਿੱਚ ਦਾਖਲ ਹੋ ਗਿਆ ਅਤੇ ਦੱਖਣੀ ਗਾਜ਼ਾ ਵਿੱਚ ਫ਼ੌਜੀਆਂ ’ਤੇ ਗੋਲੀਬਾਰੀ ਕੀਤੀ।
ਅਲ-ਅਕਸਾ ਹਸਪਤਾਲ ਅਨੁਸਾਰ, ਕੇਂਦਰੀ ਗਾਜ਼ਾ ਦੇ ਦੀਰ ਅਲ-ਬਲਾਹ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਲੋਕ ਮਾਰੇ ਗਏ।
