ਇਜ਼ਰਾਈਲ ਤੇ ਇਰਾਨ ਵੱਲੋਂ ਘਾਤਕ ਹਮਲਿਆਂ ਦਾ ਨਵਾਂ ਦੌਰ ਸ਼ੁਰੂ
ਇਜ਼ਰਾਈਲ ਨੇ ਇਰਾਨ ਦੀ ਊਰਜਾ ਸਨਅਤ ਤੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ; ਤਹਿਰਾਨ ਵੱਲੋਂ ਵੀ ਮੋੜਵਾਂ ਜਵਾਬ; ਇਰਾਨ ਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਯੋਜਨਾਬੱਧ ਗੱਲਬਾਤ ਰੱਦ
ਦੁਬਈ, 15 ਜੂਨ
ਇਜ਼ਰਾਈਲ ਨੇ ਐਤਵਾਰ ਨੂੰ ਇਰਾਨ ’ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇਜ਼ਰਾਈਲ ਨੇ ਇਰਾਨ ਦੀ ਊਰਜਾ ਇੰਡਸਟਰੀ ਤੇ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਜਦੋਂਕਿ ਤਹਿਰਾਨ ਨੇ ਘਾਤਕ ਹਮਲਿਆਂ ਦਾ ਇੱਕ ਨਵਾਂ ਦੌਰ ਸ਼ੁਰੂ ਕੀਤਾ ਹੈ। ਇਕੋ ਵੇਲੇ ਹੋਏ ਇਹ ਹਮਲੇ ਦੋ ਦਿਨ ਪਹਿਲਾਂ ਇਜ਼ਰਾਈਲ ਵੱਲੋਂ ਤਹਿਰਾਨ ਦੇ ਤੇਜ਼ੀ ਨਾਲ ਵੱਧਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਦੇ ਮੰਤਵ ਨਾਲ ਕੀਤੇ ਗਏ ਹਮਲੇ ਮਗਰੋਂ ਹਿੰਸਾ ਦਾ ਨਵਾਂ ਦੌਰ ਹੈ।
ਇਜ਼ਰਾਈਲ ਦੇ ਐਮਰਜੈਂਸੀ ਅਧਿਕਾਰੀਆਂ ਨੇ ਕਿਹਾ ਕਿ ਤਹਿਰਾਨ ਵੱਲੋਂ ਕੀਤੇ ਹਮਲਿਆਂ ਨਾਲ ਦੇਸ਼ ਭਰ ਵਿਚ ਮੌਤਾ ਹੋਈਆਂ ਹਨ, ਜਿਨ੍ਹਾਂ ਵਿਚ ਗੈਲਿਲੀ ਖੇਤਰ ਵਿਚ ਇਕ ਅਪਾਰਟਮੈਂਟ ਦੀ ਇਮਾਰਤ ਵਿਚ ਹੋਈਆਂ ਚਾਰ ਮੌਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮੱਧ ਇਜ਼ਰਾਈਲ ਵਿਚ ਹੋਏ ਹਮਲੇ ਵਿਚ 80 ਤੇ 69 ਸਾਲ ਦੀਆਂ ਦੋ ਮਹਿਲਾਵਾਂ ਤੇ 10 ਸਾਲਾ ਲੜਕੇ ਦੀ ਮੌਤ ਹੋ ਗਈ।
ਉਧਰ ਇਰਾਨ ਵਿਚ ਮੌਤਾਂ ਦੀ ਗਿਣਤੀ ਨੂੰ ਲੈ ਕੇ ਫੌਰੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ, ਜਿੱਥੇ ਇਜ਼ਰਾਈਲ ਨੇ ਤਹਿਰਾਨ ਵਿਚ ਰੱਖਿਆ ਮੰਤਰਾਲੇ ਦੇ ਹੈੱਡਕੁਆਰਟਰ ਦੇ ਨਾਲ ਉਨ੍ਹਾਂ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ ਜੋ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਜੁੜੇ ਹਨ।
ਇਰਾਨ ਦੇ ਨੀਮ ਫੌਜੀ ਰੈਵੋਲਿਊਸ਼ਨਰੀ ਗਾਰਡ ਨੇ ਦਾਅਵਾ ਕੀਤਾ ਕਿ ਇਰਾਨੀ ਮਿਜ਼ਾਈਲਾਂ ਨੇ ਇਜ਼ਰਾਇਲੀ ਲੜਾਕੂ ਜਹਾਜ਼ਾਂ ਲਈ ਈਂਧਣ ਪ੍ਰੋਡਕਸ਼ਨ ਫੈਸਿਲਟੀ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਹਾਲਾਂਕਿ ਇਰਾਨ ਦੇ ਇਸ ਦਾਅਵੇ ਬਾਰੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਦੋਵਾਂ ਮੁਲਕਾਂ ਵਿਚਾਲੇ ਟਕਰਾਅ ਦਰਮਿਆਨ ਇਰਾਨ ਤੇ ਅਮਰੀਕਾ ਵਿਚਕਾਰ ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਯੋਜਨਾਬੱਧ ਗੱਲਬਾਤ ਰੱਦ ਕਰ ਦਿੱਤੀ ਗਈ, ਜਿਸ ਨਾਲ ਇਹ ਸਵਾਲ ਖੜ੍ਹਾ ਹੋ ਗਿਆ ਕਿ ਲੜਾਈ ਦਾ ਅੰਤ ਕਦੋਂ ਅਤੇ ਕਿਵੇਂ ਹੋ ਸਕਦਾ ਹੈ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਤਹਿਰਾਨ ਸੜ ਰਿਹਾ ਹੈ।’’ -ਏਪੀ