ਇਜ਼ਰਾਈਲ ਤੇ ਹਮਾਸ ਟਰੰਪ ਦੀ ਸ਼ਾਂਤੀ ਯੋਜਨਾ ਤੇ ‘ਪਹਿਲੇ ਪੜਾਅ’ ਲਈ ਸਹਿਮਤ
Israel, Hamas agree to 'first phase' of Trump's peace plan; ਫਲਸਤੀਨੀ ਕੈਦੀਆਂ ਬਦਲੇ ਹਮਾਸ 20 ਬੰਧਕਾਂ ਨੂੰ ਕਰੇਗਾ ਰਿਹਾਅ; ਗਾਜ਼ਾ ਦੇ ਬਹੁਤੀ ਆਬਾਦੀ ਵਾਲੇ ਇਲਾਕਿਆਂ ’ਚੋਂ ਪਿੱਛੇ ਹਟਣਗੀਆਂ ਇਜ਼ਰਾਇਲੀ ਫੌਜਾਂ
ਇਜ਼ਰਾਈਲ ਅਤੇ ਹਮਾਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸ਼ਾਂਤੀ ਯੋਜਨਾ ਦੇ ‘ਪਹਿਲੇ ਪੜਾਅ’ ਲਈ ਸਹਿਮਤ ਹੋ ਗਏ ਹਨ ਜਿਸ ਵਿੱਚ ਲੜਾਈ ਰੋਕਣ ਅਤੇ ਘੱਟੋ-ਘੱਟ ਕੁਝ ਬੰਧਕਾਂ ਅਤੇ ਕੈਦੀਆਂ ਨੂੰ ਰਿਹਾਅ ਕਰਨ ਦੀ ਗੱਲ ਕਹੀ ਗਈ ਹੈ। ਇਸ ਨੂੰ ਦੋ ਸਾਲਾਂ ਤੋਂ ਚੱਲ ਰਹੀ ਜੰਗ ਰੋਕਣ ’ਚ ਸਫਲਤਾ ਵੱਲ ਇੱਕ ਕਦਮ ਮੰਨਿਆ ਜਾ ਰਿਹਾ ਹੈ।
ਯੋਜਨਾ ਤਹਿਤ ਹਮਾਸ ਆਗਾਮੀ ਦਿਨਾਂ ਵਿੱਚ ਫਲਸਤੀਨੀ ਕੈਦੀਆਂ ਦੇ ਬਦਲੇ ਸਾਰੇ 20 ਜ਼ਿੰਦਾ ਬੰਧਕਾਂ ਨੂੰ ਰਿਹਾਅ ਕਰੇਗਾ ਜਦੋਂ ਕਿ ਇਜ਼ਰਾਇਲੀ ਫੌਜ ਗਾਜ਼ਾ ਦੇ ਜ਼ਿਆਦਾਤਰ ਹਿੱਸਿਆਂ ਤੋਂ ਵਾਪਸੀ ਸ਼ੁਰੂ ਕਰੇਗੀ।
ਇਜ਼ਰਾਈਲ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਪ੍ਰਮਾਤਮਾ ਦੀ ਮਦਦ ਨਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਘਰ ਲਿਆਵਾਂਗੇ।’’
REUTERS
ਹਮਾਸ ਨੇ ਵੱਖਰੇ ਤੌਰ ’ਤੇ ਕਿਹਾ ਕਿ ਇਹ ਕਰਾਰ ਇਜ਼ਰਾਈਲੀ ਫੌਜਾਂ ਦੀ ਵਾਪਸੀ ਯਕੀਨੀ ਬਣਾਏਗਾ ਅਤੇ ਨਾਲ ਹੀ ਸਹਾਇਤਾ ਸਮੱਗਰੀ ਦੀ ਐਂਟਰੀ ਅਤੇ ਬੰਧਕਾਂ ਤੇ ਕੈਦੀਆਂ ਦੇ ਵਟਾਂਦਰਾ ਵੀ ਯਕੀਨੀ ਹੋਵੇਗਾ।
ਹਾਲਾਂਕਿ ਸ਼ਾਂਤੀ ਯੋਜਨਾ ਦੇ ਕੁਝ ਹੋਰ ਵੀ ਗੁੰਝਲਦਾਰ ਪਹਿਲੂਆਂ ਜਿਵੇਂ ਕੀ ਹਮਾਸ ਹਥਿਆਰ ਛੱਡ ਦੇਵੇਗਾ ਅਤੇ ਗਾਜ਼ਾ ’ਤੇ ਕੌਣ ਸ਼ਾਸਨ ਕਰੇਗਾ, ਬਾਰੇ ਬੇਯਕੀਨੀ ਵੀ ਬਣੀ ਹੋਈ ਹੈ।
ਹਮਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਲਗਪਗ 2,000 ਕੈਦੀ ਰਿਹਾਅ ਹੋਣਗੇ। ਹਮਾਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਗਾਜ਼ਾ ਪੱਟੀ ਵਿੱਚ ਸਹਾਇਤਾ ਦੇ ਪ੍ਰਵਾਹ ਲਈ ਪੰਜ ਸਰਹੱਦੀ ਲਾਂਘੇ ਖੋਲ੍ਹੇ ਜਾਣਗੇ, ਲਗਪਗ 2,000 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਦੋ ਸਾਲਾਂ ਦੀ ਜੰਗ ਨੂੰ ਖਤਮ ਕਰਨ ਲਈ ਅਮਰੀਕਾ-ਵਿਚੋਲਗੀ ਵਾਲੇ ਸਮਝੌਤੇ ਦੇ ਹਿੱਸੇ ਵਜੋਂ ਇਜ਼ਰਾਈਲੀ ਫੌਜ ਸੰਘਣੀ ਆਬਾਦੀ ਵਾਲੇ ਖੇਤਰਾਂ ਤੋਂ ਪਿੱਛੇ ਹਟ ਜਾਵੇਗੀ।
ਓਸਾਮਾ ਹਮਦਾਨ ਨੇ pan-Arab Al-Araby TV ਨੂੰ ਦੱਸਿਆ ਕਿ ਗਾਜ਼ਾ ਵਿੱਚ ਜੰਗ ਦੌਰਾਨ ਕੈਦੀ ਬਣਾਏ ਗਏ 1,700 ਤੋਂ ਇਲਾਵਾ ਲੰਬੀ ਸਜ਼ਾ ਭੁਗਤ ਰਹੇ 250 ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ।
ਹਮਦਾਨ ਨੇ ਕਿਹਾ, ‘ਅਸੀਂ ਉਨ੍ਹਾਂ ਸਾਰੇ ਕਮਾਂਡਰਾਂ ਦੇ ਨਾਮ ਦਿੱਤੇ ਹਨ ਜਿਨ੍ਹਾਂ ਦੀ ਅਸੀਂ ਰਿਹਾਈ ਚਾਹੁੰਦੇ ਹਾਂ।’’ ਉਨ੍ਹਾਂ ਆਖਿਆ, ‘‘ਇਜ਼ਰਾਇਲੀਆਂ ਨੂੰ ਬਹੁਤੀ ਆਬਾਦੀ ਵਾਲੇ ਸਾਰੇ ਖੇਤਰਾਂ ਖਾਸ ਕਰਕੇ ਗਾਜ਼ਾ ਸਿਟੀ, ਖਾਨ ਯੂਨਿਸ, ਰਫਾਹ ਅਤੇ ਉੱਤਰੀ ਗਾਜ਼ਾ ਤੋਂ ਪਿੱਛੇ ਹਟਣਾ ਚਾਹੀਦਾ ਹੈ।’’
ਹਮਦਾਨ ਮੁਤਾਬਕ ਇਜ਼ਰਾਈਲੀ ਫੌਜ ਦੇ ਸ਼ੁੱਕਰਵਾਰ ਨੂੰ ਪਿੱਛੇ ਹਟਣ ਦੀ ਉਮੀਦ ਹੈ ਪਰ ਇਹ ਵਾਪਸੀ ਵੀਰਵਾਰ ਦੇਰ ਰਾਤ ਤੋਂ ਸ਼ੁਰੂ ਹੋ ਸਕਦੀ ਹੈ।
ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਜੰਗਬੰਦੀ ਨੂੰ ਮਨਜ਼ੂਰੀ ਦੇਣ ਲਈ ਅੱਜ ਵੀਰਵਾਰ ਦੇਰ ਰਾਤ ਆਪਣੀ ਸੁਰੱਖਿਆ ਕੈਬਨਿਟ ਬੁਲਾਉਣ ਦੀ ਯੋਜਨਾ ਹੈ। ਇਸ ਮਗਰੋਂ ਪੂਰੀ ਸੰਸਦ ਫਲਸਤੀਨੀ ਕੈਦੀਆਂ ਦੀ ਰਿਹਾਈ ਨੂੰ ਮਨਜ਼ੂਰੀ ਦੇਣ ਲਈ ਮੀਟਿੰਗ ਕਰੇਗੀ।
ਜੰਗਬੰਦੀ ਸਮਝੌਤੇ ਅਤੇ ਕੈਦੀਆਂ ਦੀ ਰਿਹਾਈ ਦੋਵਾਂ (ਮਤੇ) ਸੱਜੇ-ਪੱਖੀ ਮੰਤਰੀਆਂ ਇਨ੍ਹਾਂ ਵਿਰੁੱਧ ਵੋਟ ਦੇਣ ਦੇ ਬਾਵਜੂਦ ਵੱਡੇ ਫਰਕ ਨਾਲ ਪਾਸ ਹੋਣ ਦੀ ਉਮੀਦ ਹੈ। ਮਨਜ਼ੂਰੀ ਤੋਂ ਬਾਅਦ, ਇਜ਼ਰਾਈਲ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਦੀ ਇੱਕ ਸੂਚੀ ਪ੍ਰਕਾਸ਼ਿਤ ਕਰੇਗਾ। ਕੈਦੀਆਂ ਵੱਲੋਂ ਕੀਤੇ ਗਏ ਹਮਲਿਆਂ ਦੇ ਪੀੜਤਾਂ ਕੋਲ ਜੇਕਰ ਉਹ ਇਤਰਾਜ਼ ਕਰਦੇ ਹਨ, ਰਿਹਾਈ ਰੋਕਣ ਲਈ ਇਜ਼ਰਾਈਲੀ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਨ ਲਈ 24 ਘੰਟਿਆਂ ਦਾ ਸਮਾਂ ਹੋਵੇਗਾ।