ਇਜ਼ਰਾਈਲ ਤੇ ਹਮਾਸ ‘ਜੰਗ ਰੋਕਣ ਤੇ ਬੰਧਕਾਂ ਦੀ ਰਿਹਾਈ’ ਦੇ ਪਹਿਲੇ ਗੇੜ ਲਈ ਸਹਿਮਤ
ਇਜ਼ਰਾਈਲ ਤੇ ਹਮਾਸ ਗਾਜ਼ਾ ਵਿੱਚ ਲੜਾਈ ਰੋਕਣ ਅਤੇ ਕੁਝ ਬੰਧਕਾਂ ਤੇ ਕੈਦੀਆਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਏ ਹਨ। ਇਹ ਸਮਝੌਤਾ ਟਰੰਪ ਪ੍ਰਸ਼ਾਸਨ ਦੀ ਵਿਚੋਲਗੀ ਨਾਲ ਸਿਰੇ ਚੜ੍ਹਿਆ ਹੈ ਅਤੇ ਇਹ ਦੋ ਸਾਲਾਂ ਤੋਂ ਜਾਰੀ ਵਿਨਾਸ਼ਕਾਰੀ ਜੰਗ ਨੂੰ ਰੋਕਣ ਲਈ ਕਈ ਮਹੀਨਿਆਂ ਤੋਂ ਜਾਰੀ ਕੋਸ਼ਿਸ਼ਾਂ ਵਿੱਚ ਵੱਡੀ ਸਫਲਤਾ ਹੈ।
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਇਸ ਦਾ ਮਤਲਬ ਹੈ ਕਿ ਸਾਰੇ ਬੰਧਕਾਂ ਨੂੰ ਜਲਦੀ ਹੀ ਰਿਹਾਅ ਕਰ ਦਿੱਤਾ ਜਾਵੇਗਾ, ਅਤੇ ਇਜ਼ਰਾਈਲ ਕੁਝ ਹੱਦ ਤੱਕ ਆਪਣੀਆਂ ਫੌਜਾਂ ਵਾਪਸ ਬੁਲਾ ਲਵੇਗਾ, ਜੋ ਕਿ ਇੱਕ ਮਜ਼ਬੂਤ, ਟਿਕਾਊ ਅਤੇ ਸਥਾਈ ਸ਼ਾਂਤੀ ਵੱਲ ਪਹਿਲਾ ਕਦਮ ਹੋਵੇਗਾ। ਸਾਰੀਆਂ ਧਿਰਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾਵੇਗਾ!’’
ਉਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਰੱਬ ਦੀ ਮਿਹਰ ਨਾਲ ਅਸੀਂ ਉਨ੍ਹਾਂ ਸਾਰਿਆਂ ਨੂੰ ਘਰ ਵਾਪਸ ਲਿਆਵਾਂਗੇ।’’
ਇਸ ਦੌਰਾਨ ਹਮਾਸ ਨੇ ਕਿਹਾ ਕਿ ਉਸ ਨੇ ਇੱਕ ਅਜਿਹੇ ਸਮਝੌਤੇ ਲਈ ਸਹਿਮਤੀ ਦਿੱਤੀ ਹੈ, ਜੋ ਗਾਜ਼ਾ ਵਿੱਚ ਜੰਗ ਨੂੰ ਖਤਮ ਕਰੇਗਾ, ਇਜ਼ਰਾਇਲੀ ਫੌਜਾਂ ਦੀ ਵਾਪਸੀ ਹੋਵੇਗੀ, ਗਾਜ਼ਾ ਵਿੱਚ ਮਾਨਵੀ ਸਹਾਇਤਾ ਦੀ ਆਮਦ ਹੋਵੇਗੀ, ਅਤੇ ਬੰਧਕਾਂ ਬਦਲੇ ਕੈਦੀਆਂ ਦੀ ਅਦਲਾ -ਬਦਲੀ ਹੋਵੇਗੀ।
ਹਮਾਸ ਨੇ ਹਾਲਾਂਕਿ ਟਰੰਪ ਅਤੇ ਵਿਚੋਲਿਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਜ਼ਰਾਈਲ ‘ਬਿਨਾਂ ਕਿਸੇ ਦੇਰੀ ਜਾਂ ਇਨਕਾਰ’ ਦੇ ਸਮਝੌਤੇ ਵਿਚਲੀਆਂ ਉਨ੍ਹਾਂ ਸਾਰੀਆਂ ਸ਼ਰਤਾਂ ਨੂੰ ਲਾਗੂ ਕਰੇ ਜਿਨ੍ਹਾਂ ਬਾਰੇ ਸਹਿਮਤੀ ਹੋਈ ਸੀ।
ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਲੋਕਾਂ ਨੇ ਐਸੋਸੀਏਟਿਡ ਪ੍ਰੈੱਸ (AP) ਨੂੰ ਦੱਸਿਆ ਕਿ ਹਮਾਸ ਇਸ ਹਫਤੇ ਦੇ ਅੰਤ ਵਿੱਚ ਸਾਰੇ 20 ਬਚੇ ਹੋਏ ਬੰਧਕਾਂ ਨੂੰ ਰਿਹਾਅ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦੋਂ ਕਿ ਇਜ਼ਰਾਇਲੀ ਫੌਜਾਂ ਗਾਜ਼ਾ ਦੇ ਜ਼ਿਆਦਾਤਰ ਹਿੱਸੇ ਤੋਂ ਪਿੱਛੇ ਹਟਣਾ ਸ਼ੁਰੂ ਕਰ ਦੇਣਗੀਆਂ।