ISKCON temple burned: ਬੰਗਲਾਦੇਸ਼ ’ਚ ਇਸਕੋਨ ਦੇ ਇਕ ਹੋਰ ਮੰਦਰ ਨੂੰ ਅੱਗ ਲਾਈ
ਕੋਲਕਾਤਾ, 7 ਦਸੰਬਰ
Bangladesh: ਗੁਆਂਢੀ ਦੇਸ਼ ਬੰਗਲਾਦੇਸ਼ ਦੇ ਢਾਕਾ ਵਿਚ ਇਸਕੋਨ ਦੇ ਇਕ ਹੋਰ ਮੰਦਰ ਨੂੰ ਅੱਜ ਅੱਗ ਲਾ ਦਿੱਤੀ ਗਈ ਜਿਸ ਕਾਰਨ ਮੰਦਰ ਦੀ ਇਮਾਰਤ ਨੁਕਸਾਨੀ ਗਈ ਤੇ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਜਾਣਕਾਰੀ ਇਸਕੋਨ ਕੋਲਕਾਤਾ ਦੇ ਉਪ-ਪ੍ਰਧਾਨ ਅਤੇ ਬੁਲਾਰੇ ਰਾਧਾਰਮਨ ਦਾਸ ਨੇ ਦਿੰਦਿਆਂ ਦੱਸਿਆ ਕਿ ਬੰਗਲਾਦੇਸ਼ ਵਿੱਚ ਇੱਕ ਹੋਰ ਇਸਕੋਨ ਮੰਦਰ ਨੂੰ ਅੱਗ ਲਾ ਦਿੱਤੀ ਗਈ ਜਿਸ ਕਾਰਨ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸਣੇ ਅੰਦਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਨੂੰ ਅੱਗ ਤੜਕੇ ਲਾਈ ਗਈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਰਾਧਾ ਕ੍ਰਿਸ਼ਨ ਮੰਦਰ ਅਤੇ ਮਹਾਭਾਗਯ ਲਕਸ਼ਮੀ ਨਰਾਇਣ ਮੰਦਰ ਨੂੰ ਅੱਗ ਲਗਾ ਦਿੱਤੀ ਜੋ ਢਾਕਾ ਜ਼ਿਲ੍ਹੇ ਦੇ ਤੁਰਗ ਪੁਲੀਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਧੌਰ ਪਿੰਡ ਵਿੱਚ ਸਥਿਤ ਹੈ। ਇਸ ਹਮਲੇ ਦੀ ਨਿੰਦਾ ਕਰਦੇ ਹੋਏ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਧਾਰਮਿਕ ਸਥਾਨਾਂ ਖਿਲਾਫ ਨਫ਼ਰਤ ਦੀ ਇਹ ਕਾਰਵਾਈ ਨਾ ਮੁਆਫ਼ੀਯੋਗ ਹੈ। ਮੁਲਜ਼ਮਾਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਉਣ ਅਤੇ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਬੰਗਲਾਦੇਸ਼ ਵਿਚ ਦੁਰਗਾ ਪੂਜਾ ਦੇ ਪੰਡਾਲ ਉਤੇ ਹਮਲੇ ਕੀਤਾ ਗਿਆ ਸੀ ਜਿਸ ’ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ‘ਡੂੰਘੀ ਚਿੰਤਾ’ ਜ਼ਾਹਰ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਢਾਕਾ ਨੂੰ ਅਪੀਲ ਕੀਤੀ ਸੀ ਕਿ ਹਿੰਦੂ ਭਾਈਚਾਰੇ ਸਣੇ ਸਾਰੀਆਂ ਘੱਟਗਿਣਤੀਆਂ ਦੇ ਲੋਕਾਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।