ਇਜ਼ਰਾਇਲੀ ਹਮਲਿਆਂ ’ਚ ਇਰਾਨ ਦੀ ਜ਼ਮੀਨਦੋਜ਼ ਪ੍ਰਮਾਣੂ ਸਾਈਟ ਨੁਕਸਾਨੀ: IAEA
ਦੁਬਈ, 17 ਜੂਨ
ਇਜ਼ਰਾਇਲੀ ਫੌਜ ਨੇ ਇਰਾਨ ਦੇ ਨਤਾਨਜ਼ ਵਿਚਲੇ ਪ੍ਰਮਾਣੂ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਹੈ। ਸੰਯੁਕਤ ਰਾਸ਼ਟਰ (UN) ਦੀ ਪ੍ਰਮਾਣੂ ਨਿਗਰਾਨ ਏਜੰਸੀ, ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ (IAEA) ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਇਰਾਨ ਵੱਲੋਂ ਯੂਰੇਨੀਅਮ ਦੀ ਸੋਧ ਲਈ ਬਣਾਏ ਜ਼ਮੀਨਦੋਜ਼ ਪਲਾਂਟ ਉੱਤੇ ਸਿੱਧਾ ਹਮਲਾ ਕੀਤਾ ਹੈ। ਏਜੰਸੀ ਨੇ ਹਾਲਾਂਕਿ ਆਪਣੀ ਮੁੱਢਲੀ ਰਿਪੋਰਟ ਵਿਚ ਇਸ ਪਲਾਂਟ ਨੂੰ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਸੀ।
ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇਰਾਨ ਦੀ ਨਤਾਨਜ਼ ਵਿਚਲੀ (ਯੂਰੇਨੀਅਮ ਸੋਧਣ) ਵਾਲੀ ਸਾਈਟ ’ਤੇ ਹਵਾਈ ਹਮਲਿਆਂ ਦਾ ਜ਼ਮੀਨਦੋਜ਼ ਪਲਾਂਟ ਵਿਚਲੇ ਸੈਂਟਰੀਫਿਊਜ ਹਾਲ ’ਤੇ ਸਿੱਧਾ ਅਸਰ ਪਏਗਾ। ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲੇ ਪਿਛਲੇ ਪੰਜ ਦਿਨਾਂ ਤੋਂ ਜਾਰੀ ਹਮਲਿਆਂ ਦੀ ਹੀ ਕੜੀ ਹੈ, ਜਿਸ ਦਾ ਮੁੱਖ ਨਿਸ਼ਾਨਾ ਇਰਾਨ ਦਾ ਫੌਜੀ ਤੇ ਪ੍ਰਮਾਣੂ ਪ੍ਰੋਗਰਾਮ ਹੈ। ਉਂਝ ਇਹ ਪਹਿਲੀ ਵਾਰ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਨਿਗਰਾਨ ਏਜੰਸੀ ਨੇ ਨਤਾਨਜ਼ ਦੇ ਜ਼ਮੀਨਦੋਜ਼ ਹਿੱਸਿਆਂ ਵਿੱਚ ਹਮਲਿਆਂ ਕਰਕੇ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਹੈ। ਇਹ ਸਾਈਟ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਦਾ ਮੁੱਖ ਸੰਸ਼ੋਧਨ ਕੇਂਦਰ ਹੈ।
IAEA ਨੇ ਸ਼ੁੱਕਰਵਾਰ ਦੇ ਹਮਲਿਆਂ ਤੋਂ ਬਾਅਦ ਇਕੱਤਰ ਕੀਤੀਆਂ ਹਾਈ-ਰੈਜ਼ੋਲਿਊਸ਼ਨ ਉਪਗ੍ਰਹਿ ਤਸਵੀਰਾਂ ਦੀ ਸਮੀਖਿਆ ਦੇ ਆਧਾਰ ’ਤੇ ਕੁਝ ਵਾਧੂ ਤੱਤਾਂ ਦੀ ਪਛਾਣ ਕੀਤੀ ਹੈ ਜੋ ਨਤਾਨਜ਼ ਵਿਚ ਜ਼ਮੀਨਦੋਜ਼ ਸੰਸ਼ੋਧਨ ਹਾਲਾਂ ’ਤੇ ਸਿੱਧੇ ਅਸਰ ਨੂੰ ਦਰਸਾਉਂਦੇ ਹਨ।’’ ਇਜ਼ਰਾਈਲ ਨੇ ਮੰਗਲਵਾਰ ਨੂੰ ਵੀ ਇਰਾਨ ’ਤੇ ਹਮਲੇ ਜਾਰੀ ਰੱਖੇ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਇਰਾਨ ਦੇ ਲੋਕਾਂ ਨੂੰ ਤਹਿਰਾਨ ਛੱਡਣ ਦੀ ਚੇਤਾਵਨੀ ਦਿੱਤੀ ਹੈ। -ਏਪੀ