ਇਰਾਨ ਵੱਲੋਂ ਕਤਰ ਤੇ ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ
ਕਤਰ, ਬਹਿਰੀਨ, ਇਰਾਕ, ਯੂਏਈ ਤੇ ਕੁਵੈਤ ਵੱਲੋਂ ਹਵਾਈ ਖੇਤਰ ਬੰਦ; ਭਾਰਤ ਤੋਂ ਕਤਰ ਆਉਣ ਵਾਲੀਆਂ ਦੋ ਉਡਾਣਾਂ ਰੱਦ
ਦੁਬਈ, 23 ਜੂਨ
ਇਰਾਨ ਨੇ ਸੋਮਵਾਰ ਨੂੰ ਕਤਰ ਅਤੇ ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਹਨ। ਇਰਾਨ ਦੀ ਇਸ ਕਾਰਵਾਈ ਨੂੰ ਅਮਰੀਕਾ ਵੱਲੋਂ ਲੰਘੇ ਦਿਨੀਂ ਇਰਾਨ ਦੇ ਤਿੰਨ ਪ੍ਰਮਾਣੂ ਟਿਕਾਣਿਆਂ ’ਤੇ ਕੀਤੇ ਹਮਲਿਆਂ ਦੀ ਜਵਾਬੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਦੋਹਾ ਵਿਚ ਧਮਾਕੇ ਦੀਆਂ ਆਵਾਜ਼ਾਂ ਸੁਣੇ ਜਾਣ ਦਾ ਵੀ ਦਾਅਵਾ ਕੀਤਾ ਗਿਆ ਹੈ। ਹਮਲੇ ਮਗਰੋਂ ਦੋਹਾ ਦੇ ਇਕ ਮਾਲ ਵਿਚ ਮੌਜੂਦ ਲੋਕ ਘਬਰਾ ਗਏ ਤੇ ਇਧਰ ਉਧਰ ਭੱਜਣ ਲੱਗੇ। ਕਤਰ ਨੇ ਇਨ੍ਹਾਂ ਹਮਲਿਆਂ ਨੂੰ ਆਪਣੀ ਪ੍ਰਭੂਸੱਤਾ ’ਤੇ ਹਮਲਾ ਦੱਸਿਆ ਹੈ।
ਇਰਾਨ ਨੇ ਕਿਹਾ ਕਿ ਅਮਰੀਕਾ ਨੇ ਜਿੰਨੇ ਬੰਬ ਉਨ੍ਹਾਂ ਦੇ ਪਰਮਾਣੂ ਟਿਕਾਣਿਆਂ ’ਤੇ ਦਾਗ਼ੇ ਸਨ, ਓਨੀਆਂ ਹੀ ਉਨ੍ਹਾਂ ਅਮਰੀਕੀ ਫੌਜੀ ਅੱਡਿਆਂ ’ਤੇ ਮਿਜ਼ਾਈਲਾਂ ਦਾਗ਼ੀਆਂ ਹਨ। ਉਨ੍ਹਾਂ ਕਿਹਾ ਕਿ ਇਰਾਨ ਦਾ ਬਦਲਾ ਪੂਰਾ ਹੋ ਗਿਆ ਹੈ।
ਇਸ ਦੌਰਾਨ ਕਤਰ, ਬਹਿਰੀਨ, ਕੁਵੈਤ, ਇਰਾਕ ਤੇ ਯੂਏਈ ਨੇ ਇਹਤਿਆਤ ਵਜੋਂ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਹਨ। ਕਤਰ ਨੇ ਇਰਾਨ ਵੱਲੋਂ ਕੀਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਸ ਕੋਲ ਜਵਾਬੀ ਕਾਰਵਾਈ ਦਾ ਪੂਰਾ ਅਧਿਕਾਰ ਹੈ। ਉਧਰ ਇਨ੍ਹਾਂ ਹਮਲਿਆਂ ਕਰਕੇ ਭਾਰਤ ਤੋਂ ਕਤਰ ਆਉਣ ਵਾਲੀਆਂ ਦੋ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਕਤਰ ਨੇ ਇਰਾਨ ਵੱਲੋਂ ਦਾਗ਼ੀਆਂ ਮਿਜ਼ਾਈਲਾਂ ਹਵਾ ਵਿਚ ਹੀ ਫੂੰਡਣ ਦਾ ਦਾਅਵਾ ਕੀਤਾ ਹੈ।
ਕਤਰ ਦੀ ਰਾਜਧਾਨੀ ਦੋਹਾ ਵਿੱਚ ਲੋਕਾਂ ਨੇ ਇਰਾਨ ਵਲੋਂ ਰਾਤ ਸਮੇਂ ਕੀਤੇ ਇਸ ਹਮਲੇ ਨੂੰ ਅਸਮਾਨ ਵਿਚ ਅੱਖੀਂ ਦੇਖਿਆ। ਇਰਾਨ ਨੇ ਸਰਕਾਰੀ ਟੈਲੀਵਿਜ਼ਨ ’ਤੇ ਐਲਾਨ ਕੀਤਾ ਕਿ ਉਸ ਨੇ ਕਤਰ ਦੇ ਅਲ ਉਦੀਦ ਏਅਰ ਬੇਸ ’ਤੇ ਤਾਇਨਾਤ ਅਮਰੀਕੀ ਫੌਜਾਂ ’ਤੇ ਹਮਲਾ ਕੀਤਾ ਹੈ। ਟੈਲੀਵਿਜ਼ਨ ਦੀ ਸਕਰੀਨ ’ਤੇ ਇੱਕ ਕੈਪਸ਼ਨ ਵਿਚ ਇਰਾਨ ਦੀ ਇਸ ਕਾਰਵਾਈ ਨੂੰ ‘ਅਮਰੀਕੀ ਹਮਲੇ’ ਦਾ ‘ਸ਼ਕਤੀਸ਼ਾਲੀ ਅਤੇ ਸਫਲ ਜਵਾਬ’ ਦਸਦਿਆਂ ਮਾਰਸ਼ਲ ਸੰਗੀਤ ਵਜਾਇਆ ਗਿਆ।
ਇੱਕ ਇਰਾਕੀ ਸੁਰੱਖਿਆ ਅਧਿਕਾਰੀ ਨੇ ਐਸੋਸੀਏਟਿਡ ਪ੍ਰੈਸ (AP) ਨੂੰ ਦੱਸਿਆ ਕਿ ਇਰਾਨ ਨੇ ਪੱਛਮੀ ਇਰਾਕ ਵਿੱਚ ਅਮਰੀਕੀ ਫੌਜਾਂ ਵਾਲੇ ਆਇਨ ਅਲ-ਅਸਦ ਬੇਸ ਨੂੰ ਵੀ ਨਿਸ਼ਾਨਾ ਬਣਾਇਆ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ ਕਿਉਂਕਿ ਉਨ੍ਹਾਂ ਨੂੰ ਜਨਤਕ ਤੌਰ 'ਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਸੀ। ਇਰਾਨ ਵੱਲੋਂ ਦਿੱਤੀਆਂ ਧਮਕੀਆਂ ਦਰਮਿਆਨ ਕਤਰ ਵੱਲੋਂ ਇਹਤਿਆਤ ਵਜੋਂ ਆਪਣਾ ਹਵਾਈ ਖੇਤਰ ਬੰਦ ਕਰਨ ਤੋਂ ਥੋੜ੍ਹੀ ਦੇਰ ਬਾਅਦ ਇਹ ਹਮਲੇ ਹੋਏ। -ਏਪੀ