Iran-Israel Tensions: ਇਰਾਨ ਨੇ ਵੀ ਮੱਧ ਇਜ਼ਰਾਈਲ ’ਤੇ ਮਿਜ਼ਾਈਲਾਂ ਤੇ ਡਰੋਨਾਂ ਨਾਲ ਕੀਤੇ ਹਮਲੇ, ਤਿੰਨ ਮੌਤਾਂ
ਦੁਬਈ, 14 ਜੂਨ
Iran-Israel Tensions: ਇਜ਼ਰਾਈਲ ਵੱਲੋਂ ਇਰਾਨ ਦੇ ਪਰਮਾਣੂ ਤੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਇਰਾਨ ਨੇ ਇਨ੍ਹਾਂ ਹਮਲਿਆਂ ਦਾ ਮੂੰਹਤੋੜ ਜਵਾਬ ਦਿੰਦਿਆਂ ਅੱਜ ਇਜ਼ਰਾਈਲ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿੱਚ ਘੱਟੋ ਘੱਟ ਤਿੰਨ ਵਿਅਕਤੀ ਹਲਾਕ ਹੋ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ।
ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਦਾ ਕਹਿਣਾ ਹੈ ਕਿ ਸ਼ਨਿਚਰਵਾਰ ਸਵੇਰੇ ਮੱਧ ਇਜ਼ਰਾਈਲ ਵਿੱਚ ਘਰਾਂ ਦੇ ਨੇੜੇ ਇੱਕ ਇਰਾਨੀ ਮਿਜ਼ਾਈਲ ਡਿੱਗੀ ਹੈ। ਇਸ ਕਾਰਨ ਵਿੱਚ 10 ਵਿਅਕਤੀ ਜ਼ਖਮੀ ਹੋ ਗਏ। ਮੈਗੇਨ ਡੇਵਿਡ ਐਡੋਮ ਦੇ ਡਾਇਰੈਕਟਰ ਏਲੀ ਬਿਨ ਨੇ ਇਜ਼ਰਾਈਲ ਦੇ ਚੈਨਲ 12 ਨੂੰ ਦੱਸਿਆ ਕਿ ਜ਼ਖਮੀਆਂ ਵਿੱਚੋਂ ਇੱਕ ਔਰਤ ਦੀ ਹਾਲਤ ਗੰਭੀਰ ਹੈ। ਪੈਰਾਮੈਡਿਕ ਸੇਵਾ ਨੇ ਅੱਗੇ ਕਿਹਾ ਕਿ ਕਈ ਲੋਕ ਅਜੇ ਵੀ ਫਸੇ ਹੋਏ ਹਨ।
ਇਸ ਤੋਂ ਪਹਿਲਾਂ ਇਜ਼ਰਾਈਲ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਉਂਦਿਆਂ ਬੀਤੇ ਦਿਨ ਦੇਸ਼ ਦੀ ਰਾਜਧਾਨੀ ’ਤੇ ਹਮਲੇ ਕੀਤੇ, ਜਿਨ੍ਹਾਂ ’ਚ ਘੱਟੋ-ਘੱਟ ਤਿੰਨ ਸਿਖਰਲੇ ਫੌਜੀ ਅਫਸਰਾਂ ਦੀ ਮੌਤ ਹੋ ਗਈ ਸੀ। ਇਜ਼ਰਾਈਲ ਨੇ ਹਮਲੇ ਦੇ ਜਵਾਬ ’ਚ ਇਰਾਨ ਵੱਲੋਂ ਡਰੋਨ ਦਾਗੇ ਜਾਣ ਦਾ ਦਾਅਵਾ ਕੀਤਾ ਹੈ ਹਾਲਾਂਕਿ ਇਰਾਨ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਇਰਾਨ ਨੇ ਹਮਲਿਆਂ ’ਚ ਮਾਰੇ ਗਏ ਦੋ ਸਿਖਰਲੇ ਫੌਜੀ ਅਫਸਰਾਂ ਦੀ ਥਾਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਇਨ੍ਹਾਂ ਹਮਲਿਆਂ ਨਾਲ ਪੱਛਮੀ ਏਸ਼ੀਆ ਦੇ ਦੋ ਕੱਟੜ ਵਿਰੋਧੀ ਮੁਲਕਾਂ ਵਿਚਾਲੇ ਵੱਡੀ ਜੰਗ ਦਾ ਖਦਸ਼ਾ ਵੱਧ ਗਿਆ ਹੈ। ਇਸ ਨੂੰ 1980 ਦੇ ਦਹਾਕੇ ’ਚ ਇਰਾਕ ਨਾਲ ਜੰਗ ਮਗਰੋਂ ਇਰਾਨ ’ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। -ਏਪੀ