ਐੱਚ-1ਬੀ ਵੀਜ਼ਾ ਦੁਰਵਰਤੋਂ ਲਈ 175 ਮਾਮਲਿਆਂ ਦੀ ਜਾਂਚ ਸ਼ੁਰੂ
ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਪ੍ਰੋਗਰਾਮ ’ਚ ਸੰਭਾਵੀ ਦੁਰਵਰਤੋਂ ਲਈ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਹੈ। ਕੰਪਨੀਆਂ ’ਚ ਘਟ ਤਨਖਾਹ, ਕੰਮ ਵਾਲੀਆਂ ਥਾਵਾਂ ਨਾ ਹੋਣ ਅਤੇ ਮੁਲਾਜ਼ਮਾਂ ਨੂੰ ਬਾਹਰ ਬਿਠਾਉਣ ਆਦਿ ਜਿਹੀਆਂ ਖਾਮੀਆਂ ਮਿਲਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਕਿਰਤ ਵਿਭਾਗ ਨੇ ਸ਼ੁੱਕਰਵਾਰ ਨੂੰ ‘ਐਕਸ’ ’ਤੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਨੌਕਰੀਆਂ ’ਚ ਤਰਜੀਹ ਦੇਣ ਦੇ ਮਿਸ਼ਨ ਤਹਿਤ ਐੱਚ-1ਬੀ ਵੀਜ਼ਿਆਂ ਦੀ ਦੁਰਵਰਤੋਂ ਸਬੰਧੀ 175 ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਵਿਭਾਗ ਨੇ ਕਿਹਾ ਕਿ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਕਿਰਤ ਮੰਤਰੀ ਲੋਰੀ ਸ਼ਾਵੇਜ਼-ਡੀਰੇਮਰ ਦੀ ਅਗਵਾਈ ਹੇਠ ਏਜੰਸੀ ਅਮਰੀਕੀ ਵਰਕਰਾਂ ਨੂੰ ਤਰਜੀਹ ਦੇਣ ਲਈ ਕਾਰਵਾਈ ਜਾਰੀ ਰੱਖੇਗੀ। ਸ਼ਾਵੇਜ਼-ਡੀਰੇਮਰ ਨੇ ‘ਐਕਸ’ ’ਤੇ ਕਿਹਾ ਕਿ ਕਿਰਤ ਵਿਭਾਗ ਐੱਚ-1ਬੀ ਵੀਜ਼ਿਆਂ ਦੀ ਦੁਰਵਰਤੋਂ ਰੋਕਣ ਅਤੇ ਅਮਰੀਕੀ ਨੌਕਰੀਆਂ ਦੀ ਰਾਖੀ ਲਈ ਆਪਣੇ ਹਰ ਸਰੋਤ ਦੀ ਵਰਤੋਂ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਕੰਪਨੀਆਂ ਵੱਲੋਂ ਵਰਤੇ ਜਾਂਦੇ ਐੱਚ-1ਬੀ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ’ਤੇ ਨੱਥ ਪਾਉਣ ਲਈ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ ਹੈ। ਇਹ ਕੰਪਨੀਆਂ ਖਾਸ ਕਰ ਕੇ ਤਕਨਾਲੋਜੀ ਫਰਮਾਂ ਭਾਰਤੀ ਮਾਹਿਰਾਂ ਸਮੇਤ ਹੋਰ ਐੱਚ-1ਬੀ ਵੀਜ਼ਾਧਾਰਕਾਂ ਦੀ ਵੱਡੇ ਪੱਧਰ ’ਤੇ ਭਰਤੀ ਕਰਦੀਆਂ ਹਨ।
