ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇੰਦੌਰ ਸੈਲਾਨੀ ਗੁੰਮਸ਼ੁਦਗੀ ਮਾਮਲਾ: ਹਨੀਮੂਨ ਦੌਰਾਨ ਪਤਨੀ ਨੇ ਦਿੱਤੀ ਸੀ ਕਤਲ ਦੀ ਸੁਪਾਰੀ, 4 ਗ੍ਰਿਫ਼ਤਾਰ

Indore tourist killed by men hired by wife during honeymoon in Meghalaya, 4 arrested
ਰਘੂਵੰਸ਼ੀ ਤੇ ਉਸ ਦੀ ਪਤਨੀ ਸੋਨਮ। ਫੋਟੋ: ਸੋਸ਼ਲ ਮੀਡੀਆ
Advertisement

ਪਤਨੀ ਨੇ ਯੂਪੀ ਦੇ ਗਾਜ਼ੀਪੁਰ ’ਚ ਪੁਲੀਸ ਅੱਗੇ ਆਤਮ ਸਮਰਪਣ ਕੀਤਾ; ਮੇਰੀ ਧੀ ‘100 ਫੀਸਦ ਬੇਗੁਨਾਹ: ਦੇਵੀ ਸਿੰਘ ਰਘੂਵੰਸ਼ੀ

ਸ਼ਿਲੌਂਗ, 9 ਜੂਨ

ਮੇਘਾਲਿਆ ਪੁਲੀਸ ਨੇ ਇੰਦੌਰ ਦੇ ਸੈਲਾਨੀ ਰਾਜਾ ਰਘੂਵੰਸ਼ੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਰਘੂਵੰਸ਼ੀ ਨੂੰ ਉਸ ਦੀ ਪਤਨੀ ਸੋਨਮ ਨੇ ਮੇਘਾਲਿਆ ਵਿੱਚ ਹਨੀਮੂਨ ਦੌਰਾਨ ਭਾੜੇ ਦੇ ਆਦਮੀਆਂ ਤੋਂ ਕਥਿਤ ਕਤਲ ਕਰਵਾਇਆ ਸੀ। ਸੋਨਮ ਨੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਵਿੱਚ ਪੁਲੀਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਜਦੋਂ ਕਿ ਤਿੰਨ ਹੋਰ ਹਮਲਾਵਰਾਂ ਨੂੰ ਰਾਤ ਭਰ ਮਾਰੇ ਛਾਪਿਆਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਰਘੂਵੰਸ਼ੀ ਅਤੇ ਉਸ ਦੀ ਪਤਨੀ 23 ਮਈ ਨੂੰ ਮੇਘਾਲਿਆ ਦੇ ਸੋਹਰਾ ਖੇਤਰ ਵਿੱਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਏ ਸਨ। ਰਘੂਵੰਸ਼ੀ ਦੀ ਲਾਸ਼ 2 ਜੂਨ ਨੂੰ ਇੱਕ ਖੱਡ ਵਿੱਚੋਂ ਮਿਲੀ ਸੀ, ਜਦੋਂ ਕਿ ਉਸ ਦੀ ਪਤਨੀ ਦੀ ਭਾਲ ਜਾਰੀ ਸੀ।

Advertisement

ਡੀਜੀਪੀ ਆਈ. ਨੋਂਗਰਾਂਗ ਨੇ ਸੋਮਵਾਰ ਸਵੇਰੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇੱਕ ਵਿਅਕਤੀ ਨੂੰ ਯੂਪੀ ਤੋਂ ਚੁੱਕਿਆ ਸੀ ਜਦੋਂਕਿ ਦੋ ਹੋਰਨਾਂ ਮੁਲਜ਼ਮਾਂ ਨੂੰ ਵਿਸ਼ੇਸ਼ ਜਾਂਚ ਟੀਮ ਨੇ ਇੰਦੌਰ ਤੋਂ ਕਾਬੂ ਕੀਤਾ ਹੈ।’’ ਪੁਲੀਸ ਮੁਖੀ ਨੇ ਕਿਹਾ, ‘‘ਸੋਨਮ ਨੇ ਯੂਪੀ ਦੇ ਨੰਦਗੰਜ ਪੁਲੀਸ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ, ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’’ ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਮੰਨਿਆ ਹੈ ਸੋਨਮ ਨੇ ਰਘੂਵੰਸ਼ੀ ਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਡੀਜੀਪੀ ਨੇ ਕਿਹਾ, ‘‘ਅਪਰਾਧ ਵਿੱਚ ਸ਼ਾਮਲ ਕੁਝ ਹੋਰ ਵਿਅਕਤੀਆਂ ਨੂੰ ਫੜਨ ਲਈ ਮੱਧ ਪ੍ਰਦੇਸ਼ ਵਿੱਚ ਕਾਰਵਾਈ ਜਾਰੀ ਹੈ।’’

ਉਧਰ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਇਸ ਕੇਸ, ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ, ਦੀ ਗੁੱਥੀ ਸੁਲਝਾਉਣ ਲਈ ਮੇਘਾਲਿਆ ਪੁਲੀਸ ਨੂੰ ਵਧਾਈ ਦਿੱਤੀ ਹੈ। ਇਸ ਖ਼ਬਰ ਏਜੰਸੀ ਨੇ ਸ਼ਨਿੱਚਰਵਾਰ ਨੂੰ ਆਪਣੀ ਇਕ ਰਿਪੋਰਟ ਵਿਚ ਕਿਹਾ ਸੀ ਕਿ ਮਾਵਲਾਖੀਅਤ ਵਿੱਚ ਇੱਕ ਟੂਰਿਸਟ ਗਾਈਡ ਐਲਬਰਟ ਪੇਡੇ ਨੇ ਰਘੂਵੰਸ਼ੀ ਅਤੇ ਉਸ ਦੀ ਪਤਨੀ ਨੂੰ 23 ਮਈ ਨੂੰ ਲਾਪਤਾ ਹੋਣ ਵਾਲੇ ਦਿਨ ਤਿੰਨ ਆਦਮੀਆਂ ਨਾਲ ਦੇਖਿਆ ਸੀ। ਮਗਰੋਂ ਰਘੂਵੰਸ਼ੀ ਦੀ ਲਾਸ਼ ਵੀਸਾਡੋਂਗ ਫਾਲਸ (ਝਰਨੇ) ਨੇੜੇ ਇੱਕ ਖੱਡ ਵਿੱਚੋਂ ਮਿਲੀ ਸੀ। ਉਸ ਦੀ ਇੱਕ ਸੋਨੇ ਦੀ ਅੰਗੂਠੀ ਅਤੇ ਗਲੇ ਦੀ ਚੇਨ ਗਾਇਬ ਸੀ, ਜਿਸ ਨਾਲ ਸ਼ੱਕ ਪੈਦਾ ਹੋ ਗਿਆ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਇਸ ਤੋਂ ਇਕ ਦਿਨ ਬਾਅਦ ਨੇੜੇ ਹੀ ਇੱਕ ਖੂਨ ਨਾਲ ਲੱਥਪੱਥ ਚਾਕੂ ਮਿਲਿਆ, ਅਤੇ ਦੋ ਦਿਨ ਬਾਅਦ, ਸੋਹਰਾਰੀਮ ਅਤੇ ਖੱਡ ਵਿਚਕਾਰ, ਜਿੱਥੇ ਰਘੂਵੰਸ਼ੀ ਦੀ ਲਾਸ਼ ਮਿਲੀ ਸੀ, ਮਾਵਮਾ ਪਿੰਡ ਵਿੱਚ ਇੱਕ ਰੇਨਕੋਟ ਮਿਲਿਆ ਜੋ ਦੰਪਤੀ ਵੱਲੋਂ ਵਰਤੇ ਗਏ ਰੇਨਕੋਟ ਵਰਗਾ ਸੀ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ਨਿੱਚਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਸੀਬੀਆਈ ਜਾਂਚ ਦਾ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਰਘੂਵੰੰਸ਼ੀ ਤੇ ਉਸ ਦੀ ਪਤਨੀ ਸੋਨਮ ਦਾ ਵਿਆਹ 11 ਮਈ ਨੂੰ ਹੋਇਆ ਸੀ ਤੇ ਉਹ ਮੇਘਾਲਿਆ ਵਿਚ ਹਨੀਮੂਨ ਲਈ 20 ਮਈ ਨੂੰ ਨਿਕਲੇ ਸਨ। ਉਹ ਕਿਰਾਏ ਦੇ ਸਕੂਟਰ ’ਤੇ 22 ਮਈ ਨੂੰ Mawlakhiat ਪਿੰਡ ਪਹੁੰਚੇ ਸਨ। ਉਨ੍ਹਾਂ ਦਾ ਸਕੂਟਰ 24 ਮਈ ਨੂੰ ਸ਼ਿਲੌਂਗ ਤੋਂ ਸੋਹਰਾ ਜਾਣ ਵਾਲੀ ਸੜਕ ਕਿਨਾਰੇ ਇੱਕ ਕੈਫੇ ਦੇ ਬਾਹਰੋਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਭਾਲ ਸ਼ੁਰੂ ਹੋ ਗਈ। ਐੱਸਪੀ ਦੀ ਅਗਵਾਈ ਵਾਲੀ ਅਤੇ ਚਾਰ ਡੀਐੱਸਪੀ ਦੀ ਸਹਾਇਤਾ ਨਾਲ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਮਾਮਲੇ ਦੀ ਜਾਂਚ ਕਰ ਰਹੀ ਸੀ। -ਪੀਟੀਆਈ

ਮੇਰੀ ਧੀ 100 ਫੀਸਦ ਬੇਗੁਨਾਹ: ਸੋਨਮ ਰਘੂਵੰਸ਼ੀ ਦਾ ਪਿਤਾ

ਸੋਨਮ ਰਘੂਵੰਸ਼ੀ ਦਾ ਪਿਤਾ ਦੇਵੀ ਸਿੰਘ ਰਘੂਵੰਸ਼ੀ ਇੰਦੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ। ਫੋਟੋ: ਏਐੱਨਆਈ

ਇੰਦੌਰ: ਸੋਨਮ ਰਘੂਵੰਸ਼ੀ ਦੇ ਪਿਤਾ ਦੇਵੀ ਸਿੰਘ ਰਘੂਵੰਸ਼ੀ ਨੇ ਕਿਹਾ ਕਿ ਉਸ ਦੀ ਧੀ ‘100 ਫੀਸਦ ਬੇਗੁਨਾਹ’ ਹੈ। ਉਨ੍ਹਾਂ ਇਸ ਪੂਰੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇੰਦੌਰ ਦਾ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੂਵੰਸ਼ੀ ਤੇ ਉਸ ਦੀ ਪਤਨੀ ਸੋਨਮ, ਮੇਘਾਲਿਆ ਵਿਚ ਆਪਣੇ ਹਨੀਮੂਨ ਦੌਰਾਨ 23 ਮਈ ਨੂੰ ਲਾਪਤਾ ਹੋ ਗਏ ਸਨ। ਇਸ ਮਗਰੋਂ ਰਾਜਾ ਰਘੂਵੰਸ਼ੀ ਦੀ 2 ਜੂਨ ਨੂੰ ਇਕ ਖੱਡ ਨੇੜਿਓਂ ਲਾਸ਼ ਬਰਾਮਦ ਹੋਈ ਸੀ। ਸੋਨਮ ਦੇ ਪਿਤਾ ਨੇ ਮੇਘਾਲਿਆ ਪੁਲੀਸ ਵੱਲੋਂ ਕੀਤੇ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਦੇਵੀ ਸਿੰਘ ਰਘੂਵੰਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੇਰੀ ਧੀ 100 ਫੀਸਦ ਬੇਕਸੂਰ ਹੈ। ਅਸੀਂ ਇਸ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ। ਮੇਘਾਲਿਆ ਪੁਲੀਸ ਮੇਰੀ ਧੀ ਬਾਰੇ ਗ਼ਲਤ ਬਿਆਨ ਦੇ ਰਹੀ ਹੈ ਕਿਉਂਕਿ ਰਾਜਾ ਰਘੂਵੰਸ਼ੀ ਦੇ ਕਤਲ ਕੇਸ ਕਰਕੇ ਸੂਬਾ ਸਰਕਾਰ ਦੀ ਦਿੱਖ ਖ਼ਰਾਬ ਹੋ ਰਹੀ ਹੈ।’’ ਦੇਵੀ ਸਿੰਘ ਨੇ ਦਾਅਵਾ ਕੀਤਾ ਕਿ ਮੇਘਾਲਿਆ ਪੁਲੀਸ ਕੋਲ ਉਸ ਦੀ ਧੀ ਖਿਲਾਫ਼ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਸ ਨੇ ਆਪਣੇ ਪਤੀ ਦੇ ਕਤਲ ਹੀ ਸੁਪਾਰੀ ਦਿੱਤੀ ਸੀ। -ਪੀਟੀਆਈ

Advertisement
Show comments