ਇੰਡੋਨੇਸ਼ੀਆ: ਬੋਰਡਿੰਗ ਸਕੂਲ ’ਚ ਇਮਾਰਤ ਦਾ ਇਕ ਹਿੱਸਾ ਡਿੱਗਿਆ; ਇਕ ਦੀ ਮੌਤ, ਕਈ ਹੋਰ ਜ਼ਖ਼ਮੀ
65 ਵਿਦਿਆਰਥੀ ਲਾਪਤਾ, ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ
ਇੰਡੋਨੇਸ਼ੀਆ ਦੇ Sidoarjo ਵਿਚ ਸੋਮਵਾਰ ਦੁਪਹਿਰੇ ਬੋਰਡਿੰਗ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ ਇਕ ਵਿਦਿਆਰਥੀ ਦੀ ਮੌਤ ਹੋ ਗਈ ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਸ ਦੌਰਾਨ 65 ਦੇ ਕਰੀਬ ਵਿਦਿਆਰਥੀ ਲਾਪਤਾ ਹਨ, ਜਿਨ੍ਹਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਇਹ ਘਟਨਾ Sidoarjo ਦੇ ਈਸਟ ਜਾਵਾ ਕਸਬੇ ਦੇ Al Khoziny Islamic Boarding School ਦੀ ਹੈ।
ਰਾਹਤ ਤੇ ਬਚਾਅ ਕਾਰਜਾਂ ਵਿਚ ਲੱਗੇ ਕਾਮਿਆਂ, ਪੁਲੀਸ ਤੇ ਸੁਰੱਖਿਆ ਬਲਾਂ ਨੇ ਹਾਦਸੇ ਦੇ ਅੱਠ ਘੰਟਿਆਂ ਮਗਰੋਂ ਮਲਬੇ ਹੇਠੋਂ ਅੱਠ ਜਣਿਆਂ ਨੂੰ ਬਾਹਰ ਕੱਢਿਆ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਬਚਾਅ ਟੀਮਾਂ ਨੇ ਮਲਬੇ ਹੇਠ ਕਈ ਲਾਸ਼ਾਂ ਦੇਖਣ ਦਾ ਦਾਅਵਾ ਕੀਤਾ ਹੈ।
ਬੋਰਡਿੰਗ ਸਕੂਲ ਕੰਪਲੈਕਸ ਵਿਚ ਲਗਾਏ ਨੋਟਿਸ ਵਿਚ 65 ਵਿਦਿਆਰਥੀ ਲਾਪਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿਚ ਬਹੁਤੇ ਲੜਕੇ ਹਨ ਜੋ 12 ਤੋਂ 17 ਸਾਲ ਉਮਰ ਦੇ ਹਨ ਅਤੇ ਸੱਤਵੀਂ ਤੋਂ 11ਵੇਂ ਜਮਾਤ ਦੇ ਵਿਦਿਆਰਥੀ ਹਨ।
ਹਾਦਸੇ ਮਗਰੋਂ ਹਸਪਤਾਲ ਦੇ ਬਾਹਰ ਤੇ ਇਮਾਰਤ ਦੇ ਮਲਬੇ ਨੇੜੇ ਬੱਚਿਆਂ ਦੀ ਮਾਪੇ ਇਕੱਤਰ ਹੋ ਗਏ। ਪੁਲੀਸ ਦੇ ਤਰਜਮਾਨ ਜੂਲਸ ਅਬਰਾਹਿਮ ਅਬਾਸ ਨੇ ਕਿਹਾ ਕਿ ਵਿਦਿਆਰਥੀ ਦੁਪਹਿਰ ਦੀ ਪ੍ਰਾਰਥਨਾ ਸਭਾ ਵਿਚ ਮੌਜੂਦ ਸਨ ਜਦੋਂ ਇਮਾਰਤ ਦਾ ਇਕ ਹਿੱਸਾ, ਜਿਸ ਨੂੰ ਅਣਅਧਿਕਾਰਤ ਤੌਰ ’ਤੇ ਵਧਾਇਆ ਜਾ ਰਿਹਾ ਸੀ, ਉਨ੍ਹਾਂ ’ਤੇ ਡਿੱਗ ਪਿਆ।