ਇੰਡੋਨੇਸ਼ੀਆ: ਹਾਈ ਸਕੂਲ ਦੀ ਮਸਜਿਦ ’ਚ ਕਈ ਧਮਾਕੇ, 54 ਜ਼ਖਮੀ
ਗਵਾਹਾਂ ਨੇ ਸਥਾਨਕ ਟੈਲੀਵਿਜ਼ਨ ਚੈਨਲਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਦੁਪਹਿਰ ਦੇ ਕਰੀਬ, ਜਦੋਂ ਜਕਾਰਤਾ ਦੇ ਉੱਤਰੀ ਕੇਲਾਪਾ ਗਡਿੰਗ ਇਲਾਕੇ ਵਿੱਚ ਜਲ ਸੈਨਾ ਕੰਪਲੈਕਸ ਦੇ ਅੰਦਰ ਸਥਿਤ ਇੱਕ ਸਰਕਾਰੀ ਹਾਈ ਸਕੂਲ SMA 27 ਦੀ ਮਸਜਿਦ ਵਿੱਚ ਉਪਦੇਸ਼ ਸ਼ੁਰੂ ਹੋਇਆ ਹੀ ਸੀ, ਤਾਂ ਘੱਟੋ-ਘੱਟ ਦੋ ਉੱਚੀ ਆਵਾਜ਼ ਵਾਲੇ ਧਮਾਕੇ ਸੁਣੇ। ਮਸਜਿਦ ਵਿੱਚ ਧੂੰਆਂ ਭਰ ਜਾਣ ’ਤੇ ਵਿਦਿਆਰਥੀ ਅਤੇ ਹੋਰ ਲੋਕ ਘਬਰਾਹਟ ਵਿੱਚ ਬਾਹਰ ਭੱਜੇ।
ਜ਼ਿਆਦਾਤਰ ਪੀੜਤਾਂ ਨੂੰ ਸ਼ੀਸ਼ੇ ਦੇ ਟੁਕੜਿਆਂ ਕਾਰਨ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲੱਗੀਆਂ ਹਨ। ਜਕਾਰਤਾ ਪੁਲੀਸ ਮੁਖੀ ਅਸੇਪ ਐਡੀ ਸੁਹੇਰੀ ਅਨੁਸਾਰ ਧਮਾਕਿਆਂ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕਿਆ, ਪਰ ਇਹ ਮਸਜਿਦ ਦੇ ਲਾਊਡਸਪੀਕਰ ਦੇ ਨੇੜਿਓਂ ਹੋਏ ਸਨ।
ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਕੁਝ ਨੂੰ ਜਲਦੀ ਹੀ ਘਰ ਭੇਜ ਦਿੱਤਾ ਗਿਆ, ਪਰ 20 ਵਿਦਿਆਰਥੀ ਅਜੇ ਵੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।
ਸੁਹੇਰੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਤਾਇਨਾਤ ਇੱਕ ਬੰਬ ਨਿਰੋਧਕ ਦਸਤੇ ਨੇ ਮਸਜਿਦ ਨੇੜਿਓਂ ਖਿਡੌਣਾ ਰਾਈਫਲਾਂ ਅਤੇ ਇੱਕ ਖਿਡੌਣਾ ਬੰਦੂਕ ਬਰਾਮਦ ਕੀਤੀ ਹੈ।
ਸੁਹੇਰੀ ਨੇ ਕਿਹਾ, ‘‘ਧਮਾਕਿਆਂ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲੀਸ ਅਜੇ ਵੀ ਘਟਨਾ ਵਾਲੀ ਥਾਂ ਦੀ ਜਾਂਚ ਕਰ ਰਹੀ ਹੈ।’’
